ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦੇਸ਼ ਦੀ ਸਰਹੱਦ 'ਤੇ ਪੈਦਾ ਹੋਏ ਤਣਾਅਪੂਰਨ ਹਾਲਾਤ ਅਤੇ ਜੰਗ ਵਰਗੇ ਮਾਹੌਲ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦੇਣ ਲਈ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਬੇਹੱਦ ਸੰਕਟ ਦੀ ਘੜੀ ਵਿਚ ਮਿਸਾਲੀ ਸੇਵਾ ਭਾਵਨਾ ਅਤੇ ਦੇਸ਼ ਭਗਤੀ ਦਾ ਪ੍ਰਦਰਸ਼ਨ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਸਰਹੱਦ 'ਤੇ ਤਣਾਅ ਵਧਿਆ ਅਤੇ ਸਥਿਤੀ ਗੰਭੀਰ ਹੋ ਗਈ, ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ | ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਅਤੇ ਸਕਾਰਾਤਮਿਕ ਊਰਜਾ ਸਦਕਾ ਪੂਰੇ ਜ਼ਿਲ੍ਹੇ ਵਿਚ ਸੰਕਟ ਦੀ ਸਥਿਤੀ ਨੂੰ ਸੰਗਠਿਤ ਢੰਗ ਨਾਲ ਸੰਭਾਲਿਆ ਜਾ ਸਕਿਆ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਬੀਰ ਕੌਰ ਭੁੱਲਰ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਓਇਸ਼ੀ ਮੰਡਲ, ਐਸ.ਪੀ ਨਵਨੀਤ ਕੌਰ ਗਿੱਲ, ਆਰ.ਟੀ.ਓ ਸੰਜੀਵ ਕੁਮਾਰ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਮੁੱਖ ਮੰਤਰੀ ਫ਼ੀਲਡ ਅਫ਼ਸਰ-ਕਮ-ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ |