ਫਗਵਾੜਾ, 31 ਮਈ (ਹਰਜੋਤ ਸਿੰਘ ਚਾਨਾ)-ਸਿਵਲ ਹਸਪਤਾਲ ਫਗਵਾੜਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਇਸ ਮੌਕੇ ਬੋਲਦਿਆਂ ਡਾ. ਦਰਸ਼ਨ ਬੱਧਨ ਨੇ ਦੱਸਿਆ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ ਇਸ ਦਿਵਸ ਦੀ ਸ਼ੁਰੂਆਤ 1987 'ਚ ਵਿਸ਼ਵ ਸਿਹਤ ਸੰਸਥਾ ਵੱਲੋਂ ਕੀਤੀ ਗਈ ਸੀ, ਜਿਸ ਦਾ ਮਕਸਦ ਲੋਕਾਂ ਨੂੰ ਤੰਬਾਕੂ ਦੇ ਸਿਹਤ 'ਤੇ ਪੈਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਤੇ ਤੰਬਾਕੂ ਦੀ ਵਰਤੋਂ ਨੂੰ ਘਟਾਉਣਾ ਹੈ ਤੇ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕੈਂਸਰ, ਦਿਮਾਗੀ ਰੋਗ ਆਦਿ ਬਾਰੇ ਜਾਣਕਾਰੀ ਦੇਣਾ ਹੈ | ਉਨ੍ਹਾਂ ਕਿਹਾ ਕਿ 12 ਲੱਖ ਲੋਕ ਉਹ ਹਨ ਜੋ ਦੂਸਰੇ ਦੇ ਤੰਬਾਕੂ ਦੇ ਧੂੰਏ ਨਾਲ ਪ੍ਰਭਾਵਿਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਹਰ ਸਾਲ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ ਇਸ ਲਈ ਸਾਨੂੰ ਤੰਬਾਕੂ ਨੂੰ ਨਾ ਚੁਣ ਕੇ ਸਗੋਂ ਸਿਹਤਮੰਦ ਜ਼ਿੰਦਗੀ ਨੂੰ ਚੁਣਨਾ ਚਾਹੀਦਾ, ਕਿਉਂਕਿ ਤੰਦਰੁਸਤੀ ਤੋਂ ਵੱਡਾ ਕੋਈ ਵਰਦਾਨ ਨਹੀਂ ਹੁੰਦਾ | ਇਸ ਮੌਕੇ ਕੰਵਲਜੀਤ ਸਿੰਘ ਸੰਧੂ, ਡਾ ਰੋਹਣ, ਹੈਲਥ ਇੰਸਪੈਕਟਰ ਬਲਿਹਾਰ ਚੰਦ, ਆਤਮਾ ਰਾਮ, ਰਾਜੇਸ਼ ਸ਼ਰਮਾ, ਰਮਨ, ਸਿਧਾਂਤ ਸਭਰਵਾਲ, ਸੀਤਾ, ਲਵਪ੍ਰੀਤ ਆਦਿ ਸ਼ਾਮਿਲ ਸਨ |