ਗੜ੍ਹਦੀਵਾਲਾ, 31 ਮਈ (ਚੱਗਰ)-ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਸਾਕਾ ਨੀਲਾ ਤਾਰਾ ਕਾਰਵਾਈ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਅਤੇ ਸੰਤ ਹਰਚਰਨ ਸਿੰਘ ਖ਼ਾਲਸਾ ਵਲੋਂ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ 1 ਤੋਂ 7 ਜੂਨ ਤੱਕ ਕਰਵਾਏ ਜਾ ਰਹੇ 7 ਰੋਜ਼ਾ ਮਹਾਨ ਗੁਰਮਤਿ ਸਮਾਗਮਾਂ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ 'ਚ ਪੁੱਜਣ ਵਾਲੀਆਂ ਸੰਗਤਾਂ ਲਈ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਮੁਕੰਮਲ ਕੀਤੇ ਗਏ ਹਨ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਹਰਚਰਨ ਸਿੰਘ ਖਾਲਸਾ ਨੇ ਦੱਸਿਆ ਕਿ ਰੋਜ਼ਾਨਾ ਹੀ ਦੇਰ ਰਾਤ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਦਿਨਾਂ ਵਿੱਚ ਪੰਥ ਦੀਆਂ ਮਹਾਨ ਸਖਸ਼ੀਅਤਾਂ, ਉੱਚ ਕੋਟੀ ਦੇ ਸਿੱਖ ਵਿਦਵਾਨ, ਨਾਮਵਰ ਢਾਡੀ, ਕੀਰਤਨੀਏ, ਕਵੀਸ਼ਰ ਅਤੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ | ਉਨ੍ਹਾਂ ਦੱਸਿਆ ਕਿ ਅੱਜ ਦੇ ਦੀਵਾਨ ਵਿਚ ਭਾਈ ਬਲਵਿੰਦਰ ਸਿੰਘ ਥੇਂਦਾ, ਭਾਈ ਦਵਿੰਦਰ ਸਿੰਘ ਬੋਦਲਾਂ, ਭਾਈ ਹਰਪਾਲ ਸਿੰਘ ਦਸੂਹਾ, ਭਾਈ ਅਮੋਲਕ ਸਿੰਘ ਪ੍ਰੀਤਮਪੁਰਾ, ਭਾਈ ਕੁਲਵਿੰਦਰ ਸਿੰਘ ਕੰਗ ਮਾਈ ਅਤੇ ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ ਸੰਗਤਾਂ ਨੂੰ ਗੁਰੁ ਜਸ ਸਰਵਣ ਕਰਾਉਣਗੇ |