ਹਾਜੀਪੁਰ, 1 ਜੂਨ (ਜੋਗਿੰਦਰ ਸਿੰਘ)- ਗੁਰੂ ਨਾਨਕ ਸੇਵਾ ਸੁਸਾਇਟੀ (ਰਜਿ) ਗੇਰਾ ਦਾ ਵਫ਼ਦ ਪ੍ਰਧਾਨ ਕਿਰਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਕੁੱਲੂ (ਹਿਮਾਚਲ ਪ੍ਰਦੇਸ਼) ਤੋਰੁਲ ਐਸ. ਰਵੀਸ਼ ਆਈ. ਏ. ਐਸ. ਨੂੰ ਮਿਲਿਆ | ਇਸ ਮੌਕੇ ਪਿਛਲੇ ਦਿਨੀਂ ਝੰਡੇ ਨੂੰ ਲੈ ਕੇ ਹੋਏ ਵਿਵਾਦ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਡੀ. ਸੀ. ਕੁੱਲੂ ਨੇ ਸੁਸਾਇਟੀ ਦੇ ਵਫ਼ਦ ਨੂੰ ਕਿਹਾ ਕਿ ਹਮੇਸ਼ਾ ਧਰਮ ਨਿਰਪੱਖ ਸੋਚ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਤੇ ਸਿੱਖਾਂ ਦੇ ਬਲੀਦਾਨ ਨੂੰ ਪੁਰਾ ਦੇਸ਼ ਜਾਣਦਾ ਹੈ | ਸਿੱਖਾਂ ਦਾ ਸਾਰੇ ਪ੍ਰਦੇਸ਼ਾਂ 'ਚ ਪੂਰਾ ਸਨਮਾਨ ਹੁੰਦਾ ਹੈ ਤੇ ਅਸੀਂ ਵੀ ਸਿੱਖ ਭਾਈਚਾਰੇ ਦਾ ਸਵਾਗਤ ਕਰਦੇ ਹਾਂ | ਉਨ੍ਹਾਂ ਕਿਹਾ ਸਿੱਖ ਭਾਈਚਾਰੇ ਨੂੰ ਹਿਮਾਚਲ ਪ੍ਰਦੇਸ਼ ਵਿਚ ਪੂਰਾ ਸਨਮਾਨ ਦਿੱਤਾ ਜਾਵੇਗਾ ਤੇ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਡੀ. ਸੀ. ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਬਿਨਾ ਝਿਜਕ ਹਿਮਾਚਲ 'ਚ ਘੁੰਮਣ ਆ ਸਕਦਾ ਹੈ | ਇਸ ਮੀਟਿੰਗ ਦੇ ਅੰਤ ਵਿਚ ਸੁਸਾਇਟੀ ਵਲੋਂ ਡੀ. ਸੀ. ਕੁੱਲੂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਗੁਰੂ ਨਾਨਕ ਸੇਵਾ ਸੁਸਾਇਟੀ ਪਿਛਲੇ ਲੰਮੇ ਸਮੇਂ ਤੋ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਗ਼ਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ ਤੇ ਇਮਾਨਦਾਰ ਅਫ਼ਸਰਾਂ ਨੂੰ ਸਨਮਾਨਿਤ ਕਰਦੀ ਆ ਰਹੀ ਹੈ ਜੋ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ | ਇਸ ਮੌਕੇ ਅਵਤਾਰ ਸਿੰਘ ਪਲਾਖੀ, ਲੰਬੜਦਾਰ ਮੇਜਰ ਸਿੰਘ ਚਨੌਰ, ਲਖਵਿੰਦਰ ਸਿੰਘ ਦੇਵੀਦਾਸ ਤੇ ਗੁਰਦਿਆਲ ਸਿੰਘ ਉਲਾਹਾ ਹਾਜ਼ਰ ਸਨ |