ਹਾਜੀਪੁਰ, 3 ਜੂਨ (ਜੋਗਿੰਦਰ ਸਿੰਘ)-ਬਲਾਕ ਹਾਜੀਪੁਰ ਦੇ ਪਿੰਡ ਸਿੱਬੋਚੱਕ ਦੇ ਸਰਪੰਚ ਵਲੋਂ ਨਰੇਗਾ ਦੇ ਚੱਲ ਰਹੇ ਕੰਮ ਨੰਬਰ 26070120861 ਡੀ.ਪੀ./152398 ਵਿਚ ਘਪਲੇਬਾਜ਼ੀ ਦਾ ਮਾਮਲਾ ਉਠਾਇਆ ਗਿਆ ਹੈ ਜਿਸ ਸੰਬੰਧੀ ਉਨ੍ਹਾਂ ਵੱਲੋਂ ਬੀ.ਡੀ.ਪੀ.ਓ. ਹਾਜੀਪੁਰ ਨੂੰ ਕਾਰਵਾਈ ਕਰਨ ਸਬੰਧੀ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਦੋ ਕੰਮ ਚੱਲ ਰਹੇ ਹਨ ਪਰ ਇੱਕ ਕੰਮ 2607012086 ਡੀ.ਪੀ./152398 ਪਿੰਡ ਤੋਂ ਬਾਹਰ ਚੱਲ ਰਿਹਾ ਹੈ | ਪਰ ਮਸਟੋਲ ਵਿਚ ਜੋ ਵਿਅਕਤੀ ਕੰਮ ਕਰ ਰਹੇ ਹਨ ਉਹ ਪਿੰਡ ਸਿਬੋਚੱਕ ਨਿਵਾਸੀ ਹਨ ਤੇ ਇਨ੍ਹਾਂ ਵਿਚ ਪੰਜ ਵਿਅਕਤੀ ਜਿਨ੍ਹਾਂ ਦੇ ਜੌਬ ਕਾਰਡ ਨੰਬਰ 144, 154, 175, 183 ਤੇ 186 ਹਨ ਜੋ ਆਪਣੇ ਘਰ ਵਿਚ ਹੀ ਰਹਿੰਦੇ ਹਨ ਤੇ ਇਨ੍ਹਾਂ ਨੂੰ ਨਰੇਗਾ ਦੇ ਚੱਲ ਰਹੇ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਕੰਮ ਕਿੱਥੇ ਚੱਲ ਰਿਹਾ ਹੈ ਤੇ ਨਾ ਹੀ ਇਨ੍ਹਾਂ ਵਿਅਕਤੀਆਂ ਨੂੰ ਪਤਾ ਹੈ ਕਿ ਇਨ੍ਹਾਂ ਦੇ ਕਾਰਡ ਤੇ ਹਾਜ਼ਰੀ ਲੱਗ ਰਹੀ ਹੈ | ਸਰਪੰਚ ਬ੍ਰਹਮਜੀਤ ਸਿੰਘ ਨੇ ਬੀ. ਡੀ. ਪੀ. ਓ ਹਾਜੀਪੁਰ ਨੂੰ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਸਰਪੰਚ ਦੀ ਇਜਾਜ਼ਤ ਤੋਂ ਬਿਨਾਂ ਵਰਕ ਆਰਡਰ ਕਿਵੇਂ ਪਾਸ ਕੀਤਾ ਗਿਆ ਹੈ | ਉਨ੍ਹਾਂ ਬੀ. ਡੀ. ਪੀ. ਓ. ਹਾਜੀਪੁਰ ਤੋਂ ਮੰਗ ਕੀਤੀ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ 'ਤੇ ਢੁਕਵੀਂ ਕਾਰਵਾਈ ਕਰਕੇ ਦੱਸਿਆ ਜਾਵੇ ਕਿ ਇਹ ਵਰਕ ਆਰਡਰ ਕਿਸ ਦੇ ਕਹਿਣ 'ਤੇ ਪਾਸ ਕੀਤਾ ਗਿਆ ਹੈ | ਇਨ੍ਹਾਂ ਜੌਬ ਕਾਰਡ ਹੋਲਡਰ ਤੇ ਕਿਹੜੇ ਵਿਅਕਤੀ ਦੀ ਫੋਟੋ ਖਿੱਚ ਕੇ ਹਾਜ਼ਰੀ ਲਗਾਈ ਗਈ ਹੈ ਤੇ ਇਹ ਵਿਅਕਤੀ ਕਿੱਥੇ ਕੰਮ ਕਰਦੇ ਹਨ | ਇਸ ਮਸਲੇ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇ | ਇਸ ਸਬੰਧ ਵਿਚ ਬੀ. ਡੀ. ਪੀ. ਓ. ਹਾਜੀਪੁਰ ਸੁਖਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮੈਟਰ ਇਨਕੁਆਰੀ 'ਚ ਚੱਲ ਰਿਹਾ ਹੈ ਤੇ ਇਸ ਸਬੰਧੀ ਐਗਜੀਕਿਉਟਿਵ ਏਜੰਸੀ ਹੀ ਦੱਸ ਸਕਦੀ ਹੈ |