ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)-ਕੁੱਟਮਾਰ ਕਰਕੇ ਅਗਵਾ ਕਰਨ ਅਤੇ ਮਾਂ-ਬੇਟੀ ਨਾਲ ਕਥਿਤ ਤੌਰ 'ਤੇ ਗਲਤ ਵਿਵਹਾਰ ਕਰਨ ਦੇ ਦੋਸ਼ 'ਚ ਪੁਲਿਸ ਨੇ 5 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਕਰੀਬ 15 ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਡਾਡਾ ਦੇ ਵਾਸੀ ਜੋਗਿੰਦਰ ਪਾਲ ਨੇ ਥਾਣਾ ਸਦਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਅਤੇ ਦੇਰ ਰਾਤ ਦੁਕਾਨ ਦੇ ਬਾਹਰ ਆ ਕੇ ਇਕ ਗੱਡੀ ਰੁਕੀ, ਜਿਸ 'ਚ ਸਤੀਸ਼ ਬਾਵਾ ਅਤੇ ਉਸ ਦਾ ਲੜਕਾ ਗੁਗਲੀ ਵਾਸੀ ਪਿੰਡ ਅੱਜੋਵਾਲ ਤੇ ਬਿੱਟੂ ਸਹੋਤਾ ਵਾਸੀ ਮੰਨਣ ਤੇ ਬੰਨੀ ਵਾਸੀ ਕ੍ਰਿਸ਼ਨਾ ਨਗਰ ਤੋਂ ਇਲਾਵਾ ਰਾਜਵੀਰ ਸਮੇਤ ਕਰੀਬ 15 ਲੋਕ ਸਵਾਰ ਸਨ | ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸ ਦੀ ਪਤਨੀ ਤੇ ਬੇਟੀ ਉਸ ਨੂੰ ਛੁਡਾਉਣ ਲਈ ਆਈਆਂ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਵੀ ਗਲਤ ਵਿਵਹਾਰ ਕਰਕੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ | ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਕਥਿਤ ਦੋਸ਼ੀ ਉਸ ਨੂੰ ਜਬਰੀ ਆਪਣੇ ਨਾਲ ਗੱਡੀ 'ਚ ਪਿੰਡ ਬਜਵਾੜਾ ਵਿਖੇ ਸਥਿਤ ਇਕ ਠੇਕੇ ਦੇ ਪਿੱਛੇ ਲੈ ਗਏ ਅਤੇ ਉੱਥੇ ਉਸ ਨੂੰ 2 ਘੰਟੇ ਤੱਕ ਰੱਖਿਆ ਅਤੇ ਉਸ ਦੀ ਕੁੱਟਮਾਰ ਕੀਤੀ | ਇਸ ਤੋਂ ਬਾਅਦ ਉਸ ਨੂੰ ਪਿੰਡ 'ਚ ਸੁੱਟ ਗਏ | ਥਾਣਾ ਸਦਰ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |