ਕੋਟਫ਼ਤੂਹੀ, 2 ਸਤੰਬਰ (ਅਵਤਾਰ ਸਿੰਘ ਅਟਵਾਲ)-ਬਿਸਤ ਦੁਆਬ ਨਹਿਰ ਦੀ ਸਾਲ 1952 ਵਿਚ ਉਸਾਰੀ ਹੋਣ ਤੇ ਨਹਿਰ ਅਤੇ ਲੋਕਾਂ ਦੀ ਸੁੱਰਖਿਅਤਾ ਤੇ ਕਿਸਾਨੀ ਫ਼ਸਲਾਂ ਨੂੰ ਮੁੱਖ ਰੱਖਦਿਆਂ ਬਰਸਾਤੀ ਪਾਣੀ ਦੇ ਬਹਾਓ ਲਈ ਬਣੇ ਸੈਫਨ ਦੀ ਸਫ਼ਾਈ ਨਾ ਹੋਣ ਕਰ ਕੇ ਬਰਸਾਤੀ ਪਾਣੀ ਦੇ ਬਹਾਓ 'ਚ ਰੁਕਾਵਟਾਂ ਖੜ੍ਹੀਆਂ ਹੋਣ ਕਾਰਨ ਖੇਤਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਦਾ ਡੁੱਬਣਾ, ਉਨ੍ਹਾਂ ਵਲੋਂ ਰੱਖੇ ਪਸ਼ੂਆਂ ਤੇ ਆਮ ਜਨ ਸਾਧਾਰਨ ਲੋਕਾਂ ਦੇ ਜੀਵਨ ਅਸਥਿਰ ਹੋਣਾ ਪੰਜਾਬ ਸਰਕਾਰ ਵਲੋਂ ਪਹਿਲਾਂ ਇਸ ਪਾਸੇ ਧਿਆਨ ਨਾ ਦੇਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਲੇਬਰ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਜੇਕਰ ਕੁਦਰਤੀ ਪਾਣੀ ਦੇ ਬਹਾਓ ਨੂੰ ਨਿਰਪੱਖ ਭਾਵਨਾ ਨਾਲ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਨਾ ਸਾਫ਼ ਕਰਨਾ ਹੀ ਅਸਲ 'ਚ ਮੁਸੀਬਤਾਂ ਦੀ ਜੜ੍ਹ ਬਣਿਆਂ, ਬਿਸਤ ਦੁਆਬ ਨਹਿਰ ਦੇ ਬਣਨ ਦੇ ਨਾਲ ਉਸ ਵੇਲੇ ਦੇ ਇੰਜੀਨੀਅਰਾਂ ਨੇ ਸੈਫਨਾ ਦੀ ਉਸਾਰੀ ਕੀਤੀ ਸੀ ਤੇ ਉਹ 73 ਸਾਲ ਬਾਅਦ ਵੀ ਲਾਭਦਾਇਕ ਸਿੱਧ ਹੋ ਰਹੇ ਹਨ ਤੇ ਅੱਜ ਦੀਆ ਸਰਕਾਰਾਂ ਨਵੇਂ ਡਿਜਾਇਨ ਕਰਨ ਦੀ ਥਾਂ ਪੁਰਾਣੇ ਕੁਦਰਤੀ ਰਸਤਿਆਂ ਨੂੰ ਸੰਭਾਲਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਿੱਧ ਹੋਈਆਂ ਹਨ | ਜੇਕਰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਦੀ ਸਾਫ਼ ਸਫ਼ਾਈ ਕੀਤੀ ਹੁੰਦੀ ਤੇ ਨਾਜਾਇਜ਼ ਕਬਜ਼ਿਆਂ ਨੂੰ ਰੋਕਿਆ ਹੁੰਦਾ ਤਾਂ ਕਦੇ ਵੀ ਕਿਸਾਨਾਂ ਦੀਆਂ ਫ਼ਸਲਾਂ ਨਹੀਂ ਡੁੱਬਣੀਆਂ ਸਨ | ਉਨ੍ਹਾਂ ਡਿਪਟੀ ਕਮਿਸ਼ਨ ਹੁਸ਼ਿਆਰਪੁਰ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਗੜ੍ਹਸ਼ੰਕਰ ਤੋਂ ਲੈ ਕੇ ਬਿਸਤ ਦੁਆਬ ਨਹਿਰ ਦੇ ਸੈਫਨਾ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ |