ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਬਿਜਲੀ ਵਿਭਾਗ 'ਚ ਠੇਕੇ 'ਤੇ ਕੰਮ ਕਰ ਰਹੇ 26 ਸਾਲਾ ਨੌਜਵਾਨ ਦੀ ਕੰਮ ਦੌਰਾਨ ਕਰੰਟ ਲੱਗਣ ਨਾਲ ਹੋਈ ਮੌਤ ਵਾਲੇ ਮਾਮਲੇ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ 'ਚ ਲਾਇਨਮੈਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਗੋਵਾਲ ਦੇ ਵਾਸੀ ਅਮਰਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਭਤੀਜਾ ਮਨਜਿੰਦਰ ਸਿੰਘ ਬਿਜਲੀ ਵਿਭਾਗ 'ਚ ਠੇਕੇ 'ਤੇ ਕੰਮ ਕਰਦਾ ਸੀ | ਉਸ ਅਨੁਸਾਰ ਉਸ ਨੂੰ 1 ਸਤੰਬਰ ਨੂੰ ਇਕ ਸੂਚਨਾ ਮਿਲੀ ਕਿ ਮੁਹੱਲਾ ਦਸਮੇਸ਼ ਨਗਰ 'ਚ ਕੰਮ ਕਰਦੇ ਸਮੇਂ ਉਸ ਦੇ ਭਤੀਜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ | ਉਸ ਨੇ ਦੱਸਿਆ ਕਿ ਜਦੋਂ ਹਸਪਤਾਲ ਪਹੁੰਚਿਆ ਤਾਂ ਉੱਥੇ ਹਾਜ਼ਰ ਲਾਇਨਮੈਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਮੁਹੱਲਾ ਦਸਮੇਸ਼ ਨਗਰ 'ਚ ਬਿਜਲੀ ਖ਼ਰਾਬ ਹੈ | ਉਸ ਨੇ ਦੱਸਿਆ ਕਿ ਉਥੇ ਪਹੁੰਚ ਕੇ ਉਸ ਨੇ ਮਨਜਿੰਦਰ ਸਿੰਘ ਨੂੰ ਟਰਾਂਸਫ਼ਾਰਮਰ 'ਤੇ ਚੜ੍ਹਾ ਦਿੱਤਾ ਅਤੇ ਕੁੱਝ ਸਮੇਂ ਬਾਅਦ ਉਹ ਹੇਠਾਂ ਡਿਗ ਪਿਆ | ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਕਤ ਘਟਨਾ ਲਾਇਨਮੈਨ ਪਰਮਿੰਦਰ ਸਿੰਘ ਦੀ ਲਾਪ੍ਰਵਾਹੀ ਕਾਰਨ ਵਰਤੀ ਹੈ | ਪੁਲਿਸ ਨੇ ਕਥਿਤ ਦੋਸ਼ੀ ਲਾਇਨਮੈਨ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 304ਏ. ਤਹਿਤ ਮਾਮਲਾ ਦਰਜ ਕਰ ਲਿਆ ਹੈ |