ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਸੂਬਾ ਸਰਕਾਰ ਵਲੋਂ ਇਕ ਪਾਸੇ ਸੜਕਾਂ ਦੀ ਨੁਹਾਰ ਬਦਲਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਦੂਸਰੇ ਪਾਸੇ ਨਾ ਸਿਰਫ਼ ਜ਼ਿਲ੍ਹੇ ਦੀਆਂ ਿਲੰਕ ਸੜਕਾਂ, ਬਲਕਿ ਹੁਸ਼ਿਆਰਪੁਰ ਸ਼ਹਿਰ ਨਾਲ ਜੁੜਨ ਵਾਲੀਆਂ ਮੁੱਖ ਸੜਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਬਣੀ ਹੋਈ ਹੈ, ਜਿਸ ਕਾਰਨ ਰਾਹਗੀਰਾਂ ਦਾ ਇਨ੍ਹਾਂ ਸੜਕਾਂ ਤੋਂ ਲੰਘਣਾ ਔਖਾ ਹੋਇਆ ਪਿਆ ਹੈ | ਇਲਾਕੇ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਸਾਰੀਆਂ ਸੜਕਾਂ ਦਾ ਬੇਹੱਦ ਨੁਕਸਾਨ ਹੋਇਆ ਹੈ, ਪ੍ਰੰਤੂ ਪਹਿਲਾਂ ਤੋਂ ਹੀ ਬੇਹੱਦ ਖਸਤਾ ਹਾਲਤ 'ਚ ਚੱਲ ਰਹੇ ਹੁਸ਼ਿਆਰਪੁਰ-ਚਿੰਤਪੁਰਨੀ ਮਾਰਗ ਦੀ ਹਾਲਤ ਹੋਰ ਵੀ ਖਸਤਾ ਹੋ ਗਈ ਹੈ | ਇੱਥੋਂ ਤੱਕ ਕਿ ਸੜਕ 'ਚ ਪਏ ਟੋਇਆਂ ਦੇ ਚੱਲਦਿਆਂ ਭੰਗੀ ਚੋਅ 'ਤੇ ਬਣੇ ਪੁਲ 'ਤੇ ਘੰਟਿਆਂਬੱਧੀ ਜਾਮ ਰੋਜ਼ਾਨਾ ਲੱਗ ਰਹੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਾਹਨ ਵੀ ਨੁਕਸਾਨੇ ਜਾਂਦੇ ਹਨ | ਇਹ ਮਾਰਗ ਇਕ ਪ੍ਰਮੁੱਖ ਮਾਰਗ ਹੈ, ਜੋ ਜੰਮੂ ਹਾਈਵੇ ਅਤੇ ਮਾਤਾ ਚਿੰਤਪੁਰਨੀ ਸਮੇਤ ਹਿਮਾਚਲ ਦੇ ਹੋਰਨਾਂ ਧਾਰਮਿਕ ਅਸਥਾਨਾਂ ਨਾਲ ਜੁੜਨ ਲਈ ਇਕ ਹੱਬ ਦਾ ਕੰਮ ਕਰਦਾ ਹੈ | ਇਹੀ ਮੁੱਖ ਮਾਰਗ ਹੈ, ਜਿੱਥੋਂ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ਾਂ ਦੀਆਂ ਸੰਗਤਾਂ ਵੀ ਆਪਣੇ ਵਾਹਨਾਂ ਤੇ ਬੱਸਾਂ ਦੁਆਰਾ ਮਾਤਾ ਦੇ ਦਰਬਾਰ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ | ਇਸ ਸਭ ਦੇ ਬਾਵਜੂਦ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੰਮਾ ਸਮਾਂ ਬੀਤ ਜਾਣ 'ਤੇ ਵੀ ਇਸ ਮਾਰਗ ਦੀ ਕੋਈ ਸਾਰ ਨਹੀਂ ਲਈ ਗਈ ਅਤੇ ਨਾ ਹੀ ਇਸ ਦੀ ਮੁਰੰਮਤ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਸਭ ਤੋਂ ਵੱਧ ਖ਼ਤਰਾ ਭੰਗੀ ਚੋਅ 'ਤੇ ਬਣੇ ਪੁਲ 'ਤੇ ਪੈਦਾ ਹੋ ਰਿਹਾ ਹੈ, ਜਿਸ ਦੀ ਹਾਲਤ ਵੀ ਬੇਹੱਦ ਨਾਜ਼ੁਕ ਬਣੀ ਹੋਈ ਹੈ | ਪੁਰਾਣੇ ਸਮੇਂ 'ਚ ਬਣੇ ਇਸ ਪੁਲ ਤੋਂ ਅਨੇਕਾਂ ਟਨ ਵਜ਼ਨ ਲੈ ਕੇ ਵੱਡੇ ਟਿੱਪਰ ਤੇ ਹੋਰ ਵਾਹਨ ਨਿਤ ਲੰਘਦੇ ਹਨ, ਜਿਨ੍ਹਾਂ ਦੀ ਝਾਲ ਝੱਲਣ ਦੇ ਕਾਬਿਲ ਇਹ ਪੁਲ ਨਹੀਂ ਹੈ | ਜੇਕਰ ਇਹ ਪੁਲ ਨੁਕਸਾਨਿਆ ਜਾਂਦਾ ਹੈ ਤਾਂ ਡਿਫੈਂਸ ਰੋਡ ਦੇ ਚੱਲਦਿਆਂ ਇਸ ਨਾਲ ਸੜਕਾਂ ਦਾ ਸੰਪਰਕ ਜੰਮੂ ਅਤੇ ਹੋਰਨਾਂ ਅਹਿਮ ਸਥਾਨਾਂ ਨਾਲੋਂ ਟੁੱਟ ਜਾਵੇਗਾ | ਇੱਥੇ ਹੀ ਬੱਸ ਨਹੀਂ ਭੰਗੀ ਪੁਲ ਦੀ ਹਾਲਤ ਇੰਨੀ ਕੁ ਖਸਤਾ ਬਣੀ ਹੋਈ ਹੈ ਕਿ ਇਸ ਪੁਲ ਦੇ ਦੋਹਾਂ ਪਾਸਿਆਂ ਤੋਂ ਪੁਲ ਦੇ ਕਿਨਾਰੇ ਟੁੱਟੇ ਹੋਏ ਹਨ ਤੇ ਡੂੰਘੇ-ਡੂੰਘੇ ਟੋਏ ਪਏ ਹੋਏ ਹਨ, ਜਿਸ ਦੇ ਚੱਲਦਿਆਂ ਕਿਸੇ ਵੀ ਸਮੇਂ ਵੀ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਪੁਲ ਦੇ ਦੋਹਾਂ ਪਾਸਿਆਂ 'ਤੇ ਪਏ ਟੋਇਆਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਪ੍ਰਸ਼ਾਸਨ ਨੇ ਸਿਰਫ਼ ਬੋਰੀਆਂ ਤੇ ਡੰਡੇ ਲਗਾ ਕੇ ਡੰਗ ਟਪਾਊ ਕੰਮ ਕੀਤਾ ਹੋਇਆ ਹੈ | ਇਸ ਸਬੰਧੀ ਰਾਹਗੀਰਾਂ ਦਾ ਕਹਿਣਾ ਸੀ ਕਿ ਸੜਕ ਦੀ ਹਾਲਤ ਇੰਨੀ ਬਦਤਰ ਬਣੀ ਹੋਈ ਹੈ ਕਿ ਲੋਕਾਂ ਦਾ ਆਉਣਾ-ਜਾਣਾ ਮੁਹਾਲ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਘੰਟਿਆਂਬੱਧੀ ਲੱਗਣ ਵਾਲੇ ਜਾਮ ਦੇ ਚੱਲਦਿਆਂ ਲੋਕਲ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੇਲਣੀ ਪੈਂਦੀ ਹੈ, ਕਿਉਂਕਿ ਕੰਮਾਂ ਅਤੇ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀ ਵੀ ਅਕਸਰ ਲੇਟ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਮੀਂਹ ਪੈਣ ਉਪਰੰਤ ਖੜ੍ਹੇ ਪਾਣੀ ਦੇ ਚੱਲਦਿਆਂ ਸੜਕ ਅਤੇ ਛੱਪੜ 'ਚ ਫ਼ਰਕ ਹੀ ਨਹੀਂ ਰਹਿ ਜਾਂਦਾ | ਰਾਹਗੀਰਾਂ ਨੇ ਕਿਹਾ ਕਿ 'ਆਪ' ਸਰਕਾਰ ਦੇ ਮੰਤਰੀ, ਵਿਧਾਇਕ ਅਕਸਰ ਇਸ ਮਾਰਗ ਤੋਂ ਸਫ਼ਰ ਕਰਦੇ ਹਨ, ਪ੍ਰੰਤੂ ਕਿਸੇ ਨੇ ਅਜੇ ਤੱਕ ਇਸ ਮਾਰਗ ਦੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਮੀਂਹ ਦੇ ਚੱਲਦਿਆਂ ਸਥਿਤੀ ਨਾਲ ਨਜਿੱਠਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਸੜਕ ਦੀ ਮਾੜੀ ਹਾਲਤ ਵੱਲ ਕਿਸੇ ਵੀ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ | ਇੱਥੋਂ ਤੱਕ ਕਿ ਸੜਕ ਦੇ ਦੋਨਾਂ ਕਿਨਾਰਿਆਂ 'ਤੇ ਪਾਣੀ ਦੀ ਨਿਕਾਸੀ ਅਤੇ ਸਫ਼ਾਈ ਦਾ ਵੀ ਕੋਈ ਪ੍ਰਬੰਧ ਨਹੀਂ ਦਿਖਾਈ ਦੇ ਰਿਹਾ | ਲੋਕਾਂ ਨੇ ਸਰਕਾਰ ਤੋਂ ਤੁਰੰਤ ਮੰਗ ਕੀਤੀ ਕਿ ਇਸ ਅਹਿਮ ਮਾਰਗ ਵੱਲ ਖ਼ਾਸ ਤੌਰ 'ਤੇ ਧਿਆਨ ਦਿੱਤਾ ਜਾਵੇ ਅਤੇ ਭੰਗੀ ਪੁਲ ਤੇ ਸੜਕ ਦੀ ਹਾਲਤ ਸਹੀ ਕਰਵਾਈ ਜਾਵੇ ਤਾਂ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ |