ਦਸੂਹਾ, 5 ਸਤੰਬਰ (ਭੁੱਲਰ)-ਸਹਿਕਾਰ ਭਾਰਤੀ ਦੇ ਸੂਬਾਈ ਪ੍ਰਧਾਨ ਬਲਰਾਮ ਦਾਸ ਬਾਵਾ ਤੇ ਮਹਾਂ ਮੰਤਰੀ ਬਲਜਿੰਦਰ ਸਿੰਘ ਹੀਰਾਹਾਰ ਨੇ ਸਮੁੱਚੇ ਸਹਿਕਾਰੀ ਜਗਤ ਵਲੋਂ ਜੀ. ਐਸ. ਟੀ. ਕੌਂਸਲ ਦਾ ਨਿੱਘਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਜੀ. ਐਸ. ਟੀ. ਕੌਂਸਲ ਦੀ ਬੈਠਕ 'ਚ ਜੀ. ਐਸ. ਟੀ. ਦਰਾਂ 'ਚ ਭਾਰੀ ਕਟੌਤੀ ਕਰਕੇ, ਕੇਂਦਰ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਦਿੱਤੀ ਹੈ, ਜੋ ਕਿ ਇਕ ਪ੍ਰਸ਼ੰਸਾਯੋਗ ਤੇ ਇਤਿਹਾਸਕ ਕਦਮ ਹੈ | ਇਹ ਫ਼ੈਸਲਾ ਉਦਯੋਗਿਕ ਖੇਤਰ ਦੇ ਵਿਕਾਸ, ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਵਪਾਰ 'ਚ ਵਾਧਾ ਕਰਨ ਤੇ ਘਰੇਲੂ ਖਪਤ ਨੂੰ ਹੁਲਾਰਾ ਦੇਵੇਗਾ | ਇਸ ਨਾਲ ਪੰਜਾਬ ਸਮੇਤ ਪੂਰੇ ਭਾਰਤ ਵਿਚ ਬਣੇ ਉਤਪਾਦਾਂ ਤੇ ਸੇਵਾਵਾਂ ਦੀ ਖ਼ਰੀਦ ਪ੍ਰਤੀ ਨਾਗਰਿਕਾਂ ਦੀ ਸਮਰੱਥਾ, ਪੇ੍ਰਰਨਾ ਤੇ ਮੁਕਾਬਲੇਬਾਜ਼ੀ ਵਧੇਗੀ | ਉਨ੍ਹਾਂ ਹੋਰ ਕਿਹਾ ਕਿ ਸਹਿਕਾਰ ਭਾਰਤੀ ਨੂੰ ਪੂਰਾ ਭਰੋਸਾ ਹੈ ਕਿ ਇਹ ਪ੍ਰਗਤੀਸ਼ੀਲ ਫ਼ੈਸਲਾ ਅਰਥਚਾਰੇ ਨੂੰ ਨਵੀਂ ਊਰਜਾ ਤੇ ਬੁਲੰਦੀਆਂ ਪ੍ਰਦਾਨ ਕਰੇਗਾ | ਜੀਵਨ ਅਤੇ ਸਿਹਤ ਬੀਮਾ ਸੇਵਾਵਾਂ 'ਤੇ ਜੀ. ਐਸ. ਟੀ. ਵਿਚ ਛੋਟ ਕਾਰਨ ਨਾਗਰਿਕਾਂ ਦੇ ਜੀਵਨ ਪੱਧਰ 'ਚ ਸੁਧਾਰ ਹੋਵੇਗਾ | ਇਹ ਖ਼ਾਸ ਤੌਰ 'ਤੇ ਪੰਜਾਬ ਦੇ ਹੇਠਲੇ ਤੇ ਮੱਧ ਵਰਗ ਦੇ ਪਰਿਵਾਰਾਂ ਲਈ ਸਮਾਜਿਕ ਸੁਰੱਖਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰੇਗਾ | ਇਸ ਮੌਕੇ ਹੋਰ ਵੀ ਅਹੁਦੇਦਾਰ ਹਾਜ਼ਰ ਸਨ |