ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਬੀਤੀ ਰਾਤ ਸਥਾਨਕ ਮੁਹੱਲਾ ਨਿਊ ਫ਼ਤਹਿਗੜ੍ਹ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੁਲਿਸ ਪਾਰਟੀ ਇਕ ਮਾਮਲੇ ਨੂੰ ਲੈ ਕੇ ਘਰ 'ਚ ਛਾਪੇਮਾਰੀ ਕਰਨ ਲਈ ਪਹੁੰਚ ਗਈ | ਇਸ ਦੌਰਾਨ ਸ਼ਿਕਾਇਤ ਕਰਤਾ ਪਤੀ-ਪਤਨੀ ਨੇ ਉਥੇ ਪਹੁੰਚ ਕੇ ਸਥਿਤੀ ਨੂੰ ਹੋਰ ਗਰਮਾ ਦਿੱਤਾ | ਉਕਤ ਘਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਪਤੀ-ਪਤਨੀ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਭੰਨ-ਤੋੜ ਕੀਤੀ | ਇਸ ਸੰਬੰਧੀ ਬਜ਼ੁਰਗ ਮਹਿਲਾ ਭਜਨ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਆਤਮ ਹੱਤਿਆ ਕਰ ਲਵੇਗੀ | ਬਜ਼ੁਰਗ ਔਰਤ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ 'ਚ ਆਪਣੀ ਨੂੰਹ ਤੇ ਪੋਤੀਆਂ ਨਾਲ ਮੌਜੂਦ ਸੀ ਤੇ ਇਸ ਦੌਰਾਨ ਘਰ 'ਚ ਪੁਲਿਸ ਪਾਰਟੀ ਆਈ ਜੋ ਕਿ ਉਸ ਦੇ ਪੁੱਤ ਸੁਖਵਿੰਦਰ ਦੀ ਭਾਲ ਕਰ ਰਹੀ ਸੀ, ਕਿਉਂਕਿ ਸੁਖਵਿੰਦਰ 'ਤੇ ਇਕ ਮਾਮਲਾ ਦਰਜ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਦੇ ਨਾਲ ਹੀ ਮਾਮਲਾ ਦਰਜ ਕਰਵਾਉਣ ਵਾਲੇ ਪਤੀ-ਪਤਨੀ ਵੀ ਘਰ ਅੰਦਰ ਦਾਖਲ ਹੋ ਗਏ ਤੇ ਘਰ 'ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਘਰ ਦੇ ਸ਼ੀਸ਼ੇ ਵੀ ਭੰਨੇ | ਬਜ਼ੁਰਗ ਔਰਤ ਨੇ ਦੋਸ਼ ਲਗਾਇਆ ਕਿ ਉਕਤ ਮਹਿਲਾ ਵਲੋਂ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਗਈ ਤੇ ਗਲੀ 'ਚ ਗਾਲੀ-ਗਲੌਚ ਵੀ ਕੀਤਾ, ਜਿਸ ਦੀ ਕਿ ਉਨ੍ਹਾਂ ਕੋਲ ਬਕਾਇਦਾ ਸੀ. ਸੀ. ਟੀ. ਵੀ. ਵੀਡੀਓ ਵੀ ਮੌਜੂਦ ਹੈ | ਇਸ ਮੌਕੇ ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਤੌਰ 'ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਪਤੀ-ਪਤਨੀ ਵਿਰੁੱਧ ਮਾਮਲਾ ਨਾ ਦਰਜ ਕੀਤਾ ਤਾਂ ਉਸ ਵਲੋਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਜਾਵੇਗੀ | ਦੂਜੇ ਪਾਸੇ ਇਸ ਸਾਰੇ ਮਾਮਲੇ ਸੰਬੰਧੀ ਥਾਣਾ ਪੁਰਹੀਰਾਂ ਦੇ ਪੁਲਿਸ ਅਧਿਕਾਰੀ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |