ਹੁਸ਼ਿਆਰਪੁਰ, 5 ਸਤੰਬਰ (ਹਰਪ੍ਰੀਤ ਕੌਰ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਹੁਸ਼ਿਆਰਪੁਰ ਤੇ ਹੋਰਨਾਂ ਜ਼ਿਲਿ੍ਹਆਂ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ | ਉਨ੍ਹਾਂ ਨੇ ਹੜ੍ਹਾਂ ਦੀ ਤਬਾਹੀ ਦਾ ਜਾਇਜ਼ਾ ਲਿਆ ਤੇ ਪੀੜਤਾਂ ਨੂੰ ਮਿਲ ਕੇ ਸਮੱਸਿਆਵਾਂ ਨੂੰ ਸੁਣਿਆ ਅਤੇ ਪਾਰਟੀ ਲੀਡਰਸ਼ਿਪ ਦੀਆਂ ਪੀੜਤ ਲੋਕਾਂ ਦੀ ਸਹਾਇਤਾ ਲਈ ਡਿਊਟੀਆਂ ਲਗਾਈਆਂ | ਕਰੀਮਪੁਰੀ ਨੇ ਕਿਹਾ ਕਿ ਭਾਰਤ ਅਜ਼ਾਦ ਹੋਣ ਤੋਂ 78 ਸਾਲ ਬਾਅਦ ਤੱਕ ਰਾਜ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਦੀਆਂ ਵੱਡੀਆਂ ਗਲਤੀਆਂ ਦਾ ਖਮਿਆਜ਼ਾ ਦੇਸ਼ ਵਾਸੀਆਂ ਨੂੰ ਇਸ ਤਰ੍ਹਾਂ ਦੀ ਭਿਆਨਕ ਕਰੋਪੀ ਦਾ ਸਾਹਮਣਾ ਕਰਕੇ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਸਮੇਂ ਸਮੇਂ 'ਤੇ ਰਾਜ ਕਰਨ ਵਾਲੀਆਂ ਸਰਕਾਰਾਂ ਪੱਕੇ ਬੰਨ੍ਹ ਨਹੀਂ ਲਗਾ ਸਕੀਆਂ ਜਿਹੜੇ ਦਰਿਆਵਾਂ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਨੂੰ ਹੜ੍ਹਾਂ ਦੀ ਮਾਰ ਹੇਠ ਬੰਨ੍ਹ ਲਗਾਉਣੇ ਪੈ ਰਹੇ ਹਨ | ਇਹ ਕੰਮ ਸਰਕਾਰਾਂ ਨੂੰ ਹੜ੍ਹਾਂ ਤੋਂ ਪਹਿਲਾਂ ਕਰਨੇ ਚਾਹੀਦੇ ਸੀ | ਉਨ੍ਹਾਂ ਕਿਹਾ ਕਿ ਕੁਦਰਤ ਦੇ ਬਣਾਏ ਨਿਯਮਾਂ ਨਾਲ ਖਿਲਵਾੜ ਤੇ ਅੰਨ੍ਹੇਵਾਹ ਜੰਗਲਾਂ ਦੀ ਕਟਾਈ ਦੇ ਭਿਆਨਕ ਨਤੀਜੇ ਅੱਜ ਸਾਰਿਆਂ ਨੂੰ ਭੁਗਤਣੇ ਪੈ ਰਹੇ ਹਨ | ਕਰੀਮਪੁਰੀ ਨੇ ਬਸਪਾ ਪੰਜਾਬ ਲੀਡਰਸ਼ਿਪ ਨੂੰ ਸੰਕੇਤ ਦਿੱਤਾ ਕਿ ਹੁਣ ਕੇਵਲ ਹੜ੍ਹਾਂ 'ਚ ਫ਼ਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਤੇ ਉਨਾਂ ਲਈ ਲੋੜੀਂਦੀ ਮੱਦਦ ਕਰਨਾ ਹੀ ਸਮੇਂ ਦੀ ਲੋੜ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ ਤੇ ਤੁਰੰਤ ਜ਼ਰੂਰਤ ਅਨੁਸਾਰ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ | ਕਰੀਮਪੁਰੀ ਨੇ ਕਿਹਾ ਹੜ੍ਹਾਂ ਦੀ ਮਾਰ ਨਾਲ ਜਿਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਉਥੇ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਘਰ ਵੀ ਬਰਬਾਦ ਹੋ ਗਏ ਹਨ | ਇਸ ਲਈ ਮਜ਼ਦੂਰਾਂ ਲਈ ਵੀ ਵਿਸ਼ੇਸ਼ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਜਾਵੇ ਤਾਂ ਕਿ ਜ਼ਿੰਦਗੀ ਮੁੜ ਸਹੀ ਰਸਤੇ 'ਤੇ ਆ ਸਕੇ | ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੰਗਰ, ਦਵਾਈਆਂ ਤੇ ਹੋਰ ਸੇਵਾ ਨਿਭਾ ਰਹੇ ਧਾਰਮਿਕ, ਸਮਾਜਿਕ ਸੰਗਠਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ, ਸਕੱਤਰ ਮਨਿੰਦਰ ਸਿੰਘ ਸ਼ੇਰਪੁਰੀ ਆਦਿ ਮੌਜੂਦ ਸਨ |