ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਪਿੰਡ ਥੇਂਦਾ ਦੇ ਜੰਝ ਘਰ ਵਿਖੇ ਪਿੰਡ ਦੀ ਪੰਚਾਇਤ ਦਾ ਆਮ ਇਜਲਾਸ ਸਰਪੰਚ ਹਰਦੀਪ ਸਿੰਘ ਦੀ ਅਗਵਾਈ ਵਿਚ ਹੋਇਆ, ਜਿਸ 'ਚ ਭਾਈ ਕਰਨੈਲ ਸਿੰਘ, ਸਰਬਜੀਤ ਸਿੰਘ, ਬੀਬੀ ਇੰਦਰਜੀਤ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਹਰਜੀਤ ਕੌਰ (ਸਾਰੇ ਪੰਚ), ਨੰਬਰਦਾਰ ਪਰਮਿੰਦਰ ਸਿੰਘ ਸਮਰਾ, ਨੰਬਰਦਾਰ ਰਾਮ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਹਰਵਿੰਦਰ ਸਿੰਘ ਸਮਰਾ, ਹਰਵਿੰਦਰ ਸਿੰਘ ਡਿਪਟੀ, ਕਮਲਜੀਤ ਸਿੰਘ ਸਮਰਾ, ਤਰਸੇਮ ਸਿੰਘ, ਗਗਨਦੀਪ ਸਿੰਘ ਚੱਗਰ, ਜਸ਼ਨਦੀਪ ਸਿੰਘ ਸਮੇਤ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪ੍ਰਵਾਸੀ ਮਜ਼ਦੂਰ ਵਲੋਂ ਹੁਸ਼ਿਆਰਪੁਰ 'ਚ ਕੀਤੀ ਦਿਲ ਕੰਬਾਊ ਵਾਰਦਾਤ ਦੀ ਸਖ਼ਤ ਨਿਖੇਧੀ ਕਰਦਿਆਂ ਪਿੰਡ 'ਚ ਅਤੇ ਟਾਹਲੀ ਮੋੜ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਕੀਤੀ ਗਈ, ਜਿਸ ਦੌਰਾਨ ਦੋ ਪ੍ਰਵਾਸੀਆਂ ਦੇ ਕੋਲ ਕਾਗ਼ਜ਼ਾਤ ਵਗ਼ੈਰਾ ਨਾ ਹੋਣ ਕਰਕੇ ਉਨ੍ਹਾਂ ਨੂੰ ਪੁਲਿਸ ਦੇ ਕੋਲ ਭੇਜ ਦਿੱਤਾ ਗਿਆ | ਇਸ ਤੋਂ ਇਲਾਵਾ ਜੇਕਰ ਕੋਈ ਸ਼ਰਾਬ ਪੀ ਕੇ ਰੋਡ 'ਤੇ ਘੁੰਮਦਾ ਨਜ਼ਰ ਆਇਆ ਜਾਂ ਕੋਈ ਗਲਤ ਹਰਕਤ ਕਰਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਮਤੇ ਪਾਸ ਕੀਤੇ ਗਏ ਕਿ ਕਿਸੇ ਵੀ ਪ੍ਰਵਾਸੀ ਦੀ ਵੋਟ ਨਹੀਂ ਬਣਾਈ ਜਾਵੇਗੀ, ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਪਿੰਡ ਦਾ ਨਹੀਂ ਬਣਾਇਆ ਜਾਵੇਗਾ, ਕੋਈ ਵੀ ਪ੍ਰਵਾਸੀ ਪਿੰਡ 'ਚ ਕੋਈ ਜ਼ਮੀਨ-ਘਰ ਨਹੀਂ ਖ਼ਰੀਦ ਸਕਦਾ ਅਤੇ ਨਾ ਹੀ ਪਿੰਡ ਵਾਸੀ ਜ਼ਮੀਨ ਘਰ ਪ੍ਰਵਾਸੀਆਂ ਨੂੰ ਵੇਚ ਸਕਦੇ | ਇਸ ਤੋਂ ਇਲਾਵਾ ਪਿੰਡ ਦੇ ਸਰਪੰਚ, ਪੰਚ ਜਾਂ ਨੰਬਰਦਾਰ ਦੀ ਆਗਿਆ ਤੋਂ ਬਿਨਾਂ ਪਿੰਡ 'ਚ ਕੋਈ ਮੰਗਣ ਨਹੀਂ ਆ ਸਕੇਗਾ |