ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)-ਸੂਬੇ ਦੀ ਸਰਕਾਰ ਇਸ ਵਾਰ ਦੀਵਾਲੀ ਮੌਕੇ ਸੂਬੇ ਦੇ ਲੋਕਾਂ ਨੂੰ ਮਿਲਾਵਟੀ ਮਠਿਆਈਆਂ ਤੇ ਪਟਾਕਿਆਂ ਤੋਂ ਬਚਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦੇਵੇ ਤਾਂ ਜੋ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾ ਕੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਤੋਂ ਬਚਾ ਕੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਖਮਾਣੋਂ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਬਦੇਸ਼ਾਂ ਨੇ ਕੀਤਾ | ਗੁਰਦੁਆਰਾ ਸਾਹਿਬ ਖਮਾਣੋਂ ਵਿਖੇ ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਅੰਦਰ ਹੜ੍ਹ ਪੀੜਤਾਂ ਦੀ ਸਰਕਾਰ ਤੁਰੰਤ ਬਾਂਹ ਫੜ ਕੇ ਉਨ੍ਹਾਂ ਨੂੰ ਬਣਦਾ ਯੋਗ ਮੁਆਵਜ਼ਾ ਅਤੇ ਖੇਤੀਬਾੜੀ ਲਈ ਪੁਖ਼ਤਾ ਪ੍ਰਬੰਧ ਚੁੱਕੇ ਤਾਂ ਜੋ ਸੂਬੇ ਦੇ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਹੋ ਸਕੇ | ਇਸ ਤੋਂ ਇਲਾਵਾ ਉਨ੍ਹਾਂ ਅਪੀਲ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਕਿਸਾਨਾਂ ਦੀਆਂ ਜਿਨਸਾਂ ਖ਼ਰੀਦਣ ਲਈ ਸਰਕਾਰ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਕਰੇ | ਨੰਬਰਦਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਜਿਵੇਂ ਨੰਬਰਦਾਰੀ ਜੱਦੀ ਪੁਸ਼ਤੀ, ਮਾਣ ਭੱਤੇ 'ਚ ਵਾਧਾ, ਨੰਬਰਦਾਰਾਂ ਦੇ ਬੈਠਣ ਲਈ ਢੁਕਵੀਂ ਥਾਂ, ਬੱਸ ਅਤੇ ਰੇਲ ਸਫ਼ਰ ਵੀ ਹਰਿਆਣਾ ਦੀ ਤਰਜ਼ ਉੱਤੇ ਮੁਫ਼ਤ ਕੀਤਾ ਜਾਵੇ | ਇਸ ਮੌਕੇ ਨੰਬਰਦਾਰ ਮਹਿੰਦਰ ਸਿੰਘ ਜਟਾਣਾ ਨੀਵਾਂ, ਬਲਮਜੀਤ ਸਿੰਘ ਪਿ੍ੰਸੀ, ਗੁਰਮੇਲ ਸਿੰਘ ਮੋਹਣ ਮਾਜਰਾ, ਜਗਤਾਰ ਸਿੰਘ ਭੱਟੀਆਂ, ਨਿਰਮਲਜੀਤ ਸਿੰਘ ਬਰਵਾਲੀ, ਨਿਰਮਲ ਸਿੰਘ ਮੋਹਣ ਮਾਜਰਾ, ਸ਼ਸ਼ੀ ਰਾਜ ਤੇ ਰਕੇਸ਼ ਕੁਮਾਰ ਸੰਘੋਲ, ਰਜਿੰਦਰ ਸਿੰਘ, ਮੇਜਰ ਸਿੰਘ ਖਮਾਣੋਂ, ਸੰਤੋਖ ਸਿੰਘ, ਬਹਾਦਰ ਸਿੰਘ ਚੜ੍ਹੀ, ਕੁਲਵੰਤ ਸਿੰਘ ਬਦੇਸ਼ਾਂ ਤੋਂ ਇਲਾਵਾ ਹੋਰ ਨੰਬਰਦਾਰ ਹਾਜ਼ਰ ਸਨ |