ਬੱਚੇ ਦੇ ਕਤਲ ਦੇ ਵਿਰੋਧ 'ਚ ਨੌਜਵਾਨਾਂ ਨੇ ਮੋਮਬੱਤੀ ਮਾਰਚ ਕੱਢ ਕੇ ਜਤਾਇਆ ਰੋਸ
ਅਜੀਤ ਡੈਸਕ
23-09-2025
ਅੱਡਾ ਸਰਾਂ, 22 ਸਤੰਬਰ (ਮਸੀਤੀ)-ਅੱਡਾ ਸਰਾਂ ਵਿਖੇ ਇਲਾਕੇ ਦੇ ਨੌਜਵਾਨਾਂ ਵਲੋਂ ਦੁਕਾਨਦਾਰ ਯੂਨੀਅਨ ਦੇ ਸਹਿਯੋਗ ਨਾਲ ਬੀਤੇ ਦਿਨੀਂ ਪ੍ਰਵਾਸੀ ਮਜ਼ਦੂਰ ਵਲੋਂ ਹੁਸ਼ਿਆਰਪੁਰ ਵਿਖੇ ਕਤਲ ਕੀਤੇ ਗਏ 5 ਸਾਲਾ ਮਾਸੂਮ ਬੱਚੇ ਨੂੰ ਮੋਮਬੱਤੀ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ ਤੇ ਬੱਚੇ ਨਾਲ ਹੋਈ ਦਰਿੰਦਗੀ ਦਾ ਸਖ਼ਤ ਵਿਰੋਧ ਕੀਤਾ | ਇਸ ਦੇ ਨਾਲ ਹੀ ਪ੍ਰਵਾਸੀਆਂ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਉਣ ਸੰਬੰਧੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਖ਼ਤੀ ਨਾਲ ਇਹ ਕਾਨੂੰਨ ਪਾਸ ਕਰੇ ਕਿ ਦੂਸਰੇ ਸੂਬੇ ਦਾ ਕੋਈ ਵੀ ਵਿਅਕਤੀ ਇਥੇ ਜ਼ਮੀਨ ਨਾ ਖ਼ਰੀਦ ਸਕੇ | ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇ, ਨਾ ਵੋਟਰ ਕਾਰਡ ਤੇ ਨਾ ਹੀ ਉਨ੍ਹਾਂ ਨੂੰ ਕੋਈ ਸਰਕਾਰੀ ਸਹੂਲਤ ਦਿੱਤੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਇਥੇ ਆਉਣ ਵਾਲੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕੀਤੀ ਜਾਵੇ | ਇਸ ਮੌਕੇ ਸਮੂਹ ਨੌਜਵਾਨਾਂ ਨੇ ਹੁਸ਼ਿਆਰਪੁਰ ਵਿਖੇ ਬੱਚੇ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ |