ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-ਪੇਂਡੂ ਵਿਕਾਸ ਤੇ ਪੰਚਾਇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਚਾਰ ਪੰਚਾਂ ਨੂੰ ਬਲਾਕ ਮੁਕੇਰੀਆਂ 'ਚ ਸਰਪੰਚ ਨੂੰ ਸਹਿਯੋਗ ਨਾ ਦੇਣ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ. ਸੰਦੀਪ ਸਿੰਘ ਨੇ ਆਪਣੇ ਹੁਕਮ ਡੀ.ਏ/ਸੀ-2 6759-6765 ਮਿਤੀ 19.09.2025 ਰਾਹੀਂ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦਿਆਂ ਇਕਬਾਲ ਕੌਰ ਪੰਚ, ਸੁਧਾ ਸ਼ਰਮਾ ਪੰਚ, ਸੋਮਾ ਕੁਮਾਰੀ ਪੰਚ ਤੇ ਗੁਰਚਰਨ ਸਿੰਘ ਪੰਚ ਗ੍ਰਾਮ ਪੰਚਾਇਤ ਧਨੋਆ ਬਲਾਕ ਮੁਕੇਰੀਆਂ ਨੂੰ ਵਿਕਾਸ ਦੇ ਕੰਮਾਂ ਵਿਚ ਸਹਿਯੋਗ ਨਾ ਦੇਣ ਕਾਰਨ ਉਨ੍ਹਾਂ ਨੂੰ ਪੰਚ ਦੇ ਅਹੁਦੇ ਤੋਂ ਤੁਰੰਤ ਮੁਅੱਤਲ ਕੀਤਾ ਹੈ | ਇਸ ਸੰਬੰਧੀ ਪਿੰਡ ਧਨੋਆ ਦੇ ਸਰਪੰਚ ਮਨਸਿਮਰਨ ਸਿੰਘ, ਪੰਚ ਰੌਸ਼ਨ ਲਾਲ, ਪੰਚ ਦਲਜੀਤ ਸਿੰਘ ਤੇ ਪੰਚ ਸਰਬਜੀਤ ਸਿੰਘ ਟਿੰਕੂ ਨੇ ਵਿਭਾਗ ਵਲੋਂ ਪ੍ਰਾਪਤ ਹੋਏ ਪੱਤਰ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਲੋਕਾਂ ਨੇ ਸਾਨੂੰ ਜਿਤਾਇਆ ਹੈ, ਜਿਸ ਕਾਰਨ ਸਾਨੂੰ ਸਾਰਿਆਂ ਨੂੰ ਰਲ ਕੇ ਵਿਕਾਸ ਦੇ ਕਾਰਜ ਕਰਵਾਉਣੇ ਚਾਹੀਦੇ ਹਨ ਪਰ ਜਿਹੜੇ ਪੰਚਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਹ ਜਾਣਬੁੱਝ ਪੰਚਾਇਤ ਦੀਆਂ ਬੁਲਾਈਆਂ ਮੀਟਿੰਗਾਂ 'ਚ ਜਾਂ ਤਾਂ ਹਾਜ਼ਰ ਹੀ ਨਹੀਂ ਆਏ ਅਤੇ ਜੇਕਰ ਆਏ ਵੀ ਤਾਂ ਵਿਕਾਸ ਦੇ ਕੰਮਾਂ ਵਾਸਤੇ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ 'ਚ ਸਹਿਮਤੀ ਨਹੀਂ ਦਿੱਤੀ | ਬੀ. ਡੀ. ਪੀ. ਓ. ਮੁਕੇਰੀਆਂ ਤੇ ਡੀ. ਡੀ. ਪੀ. ਓ. ਹੁਸ਼ਿਆਰਪੁਰ ਵਲੋਂ ਬੁਲਾਈਆਂ ਮੀਟਿੰਗਾਂ 'ਚ ਵੀ ਵਿਕਾਸ ਦੇ ਕੰਮਾਂ 'ਚ ਕੋਈ ਸਹਿਯੋਗ ਨਹੀਂ ਦਿੱਤਾ, ਜਿਸ ਕਾਰਨ ਵਿਭਾਗ ਨੂੰ ਨਿਯਮਾਂ ਤਹਿਤ ਪੰਚਾਇਤ ਦਾ ਕੰਮ ਚਲਾਉਣ ਵਾਸਤੇ ਇਹ ਕਾਰਵਾਈ ਕਰਨੀ ਪਈ | ਇਨ੍ਹਾਂ ਪੰਚਾਂ ਤੇ ਸਰਪੰਚਾਂ ਨੇ ਕਾਰਵਾਈ ਦਾ ਸਵਾਗਤ ਕਰਦਿਆਂ ਆਖਿਆ ਕਿ ਸਾਰੇ ਪਿੰਡ ਦੇ ਵਿਕਾਸ ਦੇ ਕਾਰਜ ਬਿਨਾਂ ਪੱਖਪਾਤ ਤੇ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ |