ਟਾਂਡਾ ਉੜਮੁੜ, 22 ਸਤੰਬਰ (ਦੀਪਕ ਬਹਿਲ)-ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਗੁਰਬਾਣੀ ਰਸ ਦੇ ਪ੍ਰਵਾਹ ਕਾਰਨ ਮਾਹੌਲ ਜਿਥੇ ਪੂਰਨ ਰੂਪ 'ਚ ਅੰਮਿ੍ਤਮਈ ਬਣਿਆ ਹੋਇਆ ਹੈ ਉਥੇ ਰੋਜ਼ਾਨਾ ਸਜਾਏ ਜਾਂਦੇ ਵਿਸ਼ਾਲ ਗੁਰਮਤਿ ਸਮਾਗਮਾਂ ਮੌਕੇ ਸੰਤ ਗੁਰਦਿਆਲ ਸਿੰਘ ਤੇ ਹੋਰ ਮਹਾਂਪੁਰਸ਼ਾਂ ਹਜ਼ਾਰਾਂ ਦੀ ਤਾਦਾਦ 'ਚ ਪੁੱਜਣ ਵਾਲੀਆਂ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜ ਰਹੇ ਹਨ | 101 ਸ੍ਰੀ ਅਖੰਡ ਪਾਠ ਸਾਹਿਬ ਦੀ ਇਸ ਪਾਵਨ ਤੇ ਪਵਿੱਤਰ ਲੜੀ ਤਹਿਤ ਕਰਵਾਏ ਜਾ ਰਹੇ ਇਹ ਸਮਾਗਮ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਹਨ | ਪ੍ਰਬੰਧਕਾਂ ਵਲੋਂ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਕੀਤੇ ਗਏ ਪ੍ਰਬੰਧ ਸੰਗਤਾਂ ਦੇ ਭਾਰੀ ਉਤਸ਼ਾਹ ਕਾਰਨ ਅਲੌਕਿਕ ਦਿੱਖ 'ਚ ਦਿਖਾਈ ਦੇ ਰਹੇ ਹਨ | ਇਸ ਮੌਕੇ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਜਿਥੇ ਸੰਤ ਅਮਰੀਕ ਸਿੰਘ ਪੜੈਣ, ਸੰਤ ਗੁਰਦੀਪ ਸਿੰਘ ਖੁਜਾਲਾ, ਸੰਤ ਭਰਪੂਰ ਸਿੰਘ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਸਮਾਗਮ ਪ੍ਰਬੰਧਕ ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਸਜਾਏ ਜਾਣ ਵਾਲੇ ਇਨ੍ਹਾਂ ਰਾਤਰੀ ਗੁਰਮਤਿ ਸਮਾਗਮਾਂ ਦੌਰਾਨ ਸਿੰਘ ਸਾਹਿਬਾਨ ਸੰਤ ਮਹਾਂਪੁਰਸ਼ ਤੇ ਰਾਗੀ ਜਥੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਵਰਨਣਯੋਗ ਹੈ ਕਿ ਸੰਤ ਬਾਬਾ ਗੁਰਦਿਆਲ ਸਿੰਘ ਦੇ ਇਸ ਮਹਾਨ ਉਪਰਾਲੇ ਸਦਕਾ ਟਾਂਡਾ ਅੰਦਰ ਕਰਵਾਏ ਜਾਣ ਵਾਲੇ ਇਹ ਸਮਾਗਮ ਦੇਸ਼ਾਂ-ਵਿਦੇਸ਼ਾਂ ਅੰਦਰ ਅੰਮਿ੍ਤ ਰੂਪੀ ਕੁੰਭ ਦੇ ਨਾਮ ਨਾਲ ਜਾਣੇ ਜਾਂਦੇ ਹਨ | ਸੰਤ ਬਾਬਾ ਗੁਰਦਿਆਲ ਸਿੰਘ ਕਥਾ ਕੀਰਤਨ ਕਰਦੇ ਹੋਏ (ਸੱਜੇ) ਕੀਰਤਨ ਦਾ ਅਨੰਦ ਮਾਣਦੀਆਂ ਸੰਗਤਾਂ | ਤਸਵੀਰ : ਦੀਪਕ ਬਹਿਲ