ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਗੜ੍ਹਦੀਵਾਲਾ ਵਿਖੇ ਕਿਹਾ ਕਿ ਕਮੇਟੀ ਵਲੋਂ ਇਲਾਕੇ ਦੇ ਕਿਸਾਨਾਂ ਤੇ ਜਥੇਬੰਦੀ ਦੇ ਜੁਝਾਰੂ ਯੋਧਿਆਂ ਦਾ ਸਦਕਾ ਹੜ੍ਹ ਪੀੜਤ ਇਲਾਕੇ 'ਚ ਹੁਣ ਤੱਕ 350 ਕੁਇੰਟਲ ਦੇ ਕਰੀਬ ਪਸ਼ੂਆਂ ਦੇ ਚਾਰੇ ਦਾ ਆਚਾਰ, ਹਰਾ ਚਾਰਾ, ਸੁੱਕੀ ਤੂੜੀ, ਪੀੜਤ ਪਰਿਵਾਰਾਂ ਨੂੰ ਸਾਰਾ ਸੁੱਕਾ ਰਾਸ਼ਨ ਅਤੇ ਡਿਗ ਚੁੱਕੇ ਘਰਾਂ ਦੀਆਂ ਛੱਤਾਂ ਲਈ ਨਕਦ ਰਾਸ਼ੀ ਦੀ ਮਦਦ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਕਣਕ ਦੇ ਬੀਜ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਘਰਾਂ ਦੀਆਂ ਛੱਤਾਂ ਜਾਂ ਹੋਰ ਮੁਰੰਮਤ ਲਈ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਸਮੂਹ ਪੰਜਾਬੀਆਂ ਤੇ ਐਨ. ਆਰ. ਆਈ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੰਜਾਬੀ ਹੀ ਹਨ ਜਿਹੜੇ ਇਕ ਦੂਸਰੇ ਦੇ ਦੁੱਖ-ਸੁੱਖ 'ਚ ਭਾਈ ਬਾਲ ਹੁੰਦੇ ਹਨ | ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੌਰਾਨ ਇਕਜੁੱਟਤਾ ਤੇ ਸੇਵਾ ਦੀ ਜੋ ਮਿਸਾਲ ਪੰਜਾਬ 'ਚ ਦੇਖਣ ਨੂੰ ਮਿਲਦੀ ਹੈ ਉਸ ਦਾ ਦੇਸ਼ 'ਚ ਕਿਤੇ ਵੀ ਮੇਲ ਨਹੀਂ ਹੈ | ਇਸ ਮੌਕੇ ਉਨ੍ਹਾਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਹੜ੍ਹ ਪੀੜਤ ਇਲਾਕਿਆਂ ਵਿਚ ਜਾ ਕੇ ਕੀਤੇ ਗਏ ਤੇ ਕੀਤੇ ਜਾ ਰਹੇ ਰਾਹਤ ਕਾਰਜਾਂ ਦੇ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਉਨ੍ਹਾਂ ਦੁਆਬਾ ਕਿਸਾਨ ਕਮੇਟੀ ਨੂੰ ਰਾਹਤ ਕਾਰਜਾਂ ਲਈ ਤਰਲੋਕ ਸਿੰਘ ਹਰਦੋਪੱਟੀ ਵਲੋਂ 50 ਹਜ਼ਾਰ ਰੁਪਏ ਦੇਣ 'ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਪਰਮਿੰਦਰ ਸਿੰਘ ਸਮਰਾ ਤੇ ਹੋਰ ਅਹੁਦੇਦਾਰ ਹਾਜ਼ਰ ਸਨ |