ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)-ਇਲਾਕੇ 'ਚ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਔਰਤ ਸਮੇਤ ਦੋ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਬਜਵਾੜਾ ਕਲਾਂ ਦੇ ਵਾਸੀ ਨਾਗਰਾਜ ਨੇ ਸਦਰ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਰੌਸ਼ਨ ਲਾਲ ਨੂੰ ਅਸਲਾਮਾਬਾਦ ਵਿਖੇ ਇਕ ਵਾਹਨ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ ਜਦ ਕਿ ਪਿੰਡ ਸੀਕਰੀ ਦੇ ਵਾਸੀ ਜੋਗਿੰਦਰ ਸਿੰਘ ਨੇ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਹਰਵਿੰਦਰ ਕੌਰ ਤੇ ਚਾਚੀ ਸਰਬਜੀਤ ਕੌਰ ਸਕੂਟਰੀ 'ਤੇ ਪਿੰਡ ਤੋਂ ਹੁਸ਼ਿਆਰਪੁਰ ਵਲ ਨੂੰ ਆ ਰਹੀਆਂ ਸਨ | ਉਸ ਅਨੁਸਾਰ ਰਸਤੇ 'ਚ ਇਕ ਵਾਹਨ ਨੂੰ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਉਸ ਅਨੁਸਾਰ ਉਕਤ ਦੁਰਘਟਨਾ 'ਚ ਉਸ ਦੀ ਪਤਨੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ, ਜਿਸ ਨੂੰ ਚੰਡੀਗੜ੍ਹ ਲੈ ਕੇ ਜਾਂਦਿਆਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ | ਪੁਲਿਸ ਨੇ ਦੋਵੇਂ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |