ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ) -ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਐੱਨ. ਆਰ. ਆਈ. ਤੇ ਘਰ ਦੀ ਕੇਅਰ ਟੇਕਰ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ 'ਚ ਮਿ੍ਤਕ ਔਰਤ ਦਾ ਪੁੱਤਰ ਹੀ ਕਾਤਲ ਨਿਕਲਿਆ ਹੈ ਜਿਸ ਨੇ ਆਪਣੇ 2-3 ਸਾਥੀਆਂ ਨਾਲ ਮਿਲਕੇ ਮਾਂ ਦੇ ਨਾਜਾਇਜ਼ ਸੰਬੰਧਾਂ ਦੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ | ਪਿੰਡ ਮੋਰਾਂਵਾਲੀ ਵਿਖੇ ਐ ੱਨ. ਆਰ. ਆਈ. ਸੰਤੋਖ ਸਿੰਘ ਪੁੱਤਰ ਗਿਆਨ ਸਿੰਘ ਜੋ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਪਿੰਡ ਆਇਆ ਹੋਇਆ ਸੀ ਅਤੇ ਉਸਦੇ ਘਰ 'ਚ ਕੇਅਰ ਟੇਕਰ ਵਜੋਂ ਰਹਿੰਦੀ ਔਰਤ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਬਾਠਾਂ ਥਾਣਾ ਨੂਰਮਹਿਲ (ਜਲੰਧਰ) ਦਾ ਕੁਝ ਦਿਨ ਪਹਿਲਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜਿਸ ਬਾਰੇ ਵੀਰਵਾਰ ਦੀ ਸਵੇਰ ਪਤਾ ਲੱਗਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ ਸੀ | ਐੱਸ. ਐੱਚ. ਓ. ਇੰਸਪੈਕਟਰ ਗਗਨਦੀਪ ਸਿੰਘ ਦੇ ਬਿਆਨਾਂ 'ਤੇ ਗੜ੍ਹਸ਼ੰਕਰ ਪੁਲਿਸ ਵਲੋ ਦਰਜ਼ ਮਾਮਲੇ ਅਨੁਸਾਰ ਮਨਜੀਤ ਕੌਰ ਦੇ ਪੁੱਤਰ ਮਨਦੀਪ ਸਿੰਘ ਉਰਫ ਦੀਪ ਪੁੱਤਰ ਲਖਵਿੰਦਰ ਸਿੰਘ ਵਾਸੀ ਬਾਠਾਂ ਹਾਲ ਵਾਸੀ ਮੋਰਾਂਵਾਲੀ ਨੇ ਆਪਣੇ 2-3 ਸਾਥੀਆਂ ਨਾਲ ਮਿਲ ਕੇ ਦੋਵਾਂ ਦਾ ਕਤਲ ਕੀਤਾ ਹੈ | ਮਨਦੀਪ ਸਿੰਘ ਹੁਣ ਆਪਣੀ ਮਾਤਾ ਨੂੰ ਸੰਤੋਖ ਸਿੰਘ ਦੇ ਨਾਲ ਉਸ ਦੇ ਨਾਜਾਇਜ਼ ਸੰਬੰਧਾਂ ਤੋਂ ਰੋਕਦਾ ਸੀ, ਇਸੇ ਰੰਜਿਸ਼ ਕਰਕੇ ਮਨਦੀਪ ਸਿੰਘ ਉਰਫ ਦੀਪ ਨੇ ਆਪਣੇ 2-3 ਸਾਥੀਆਂ ਨਾਲ ਮਿਲ ਕੇ ਦੋਵਾਂ ਦਾ ਕਤਲ ਕਰ ਦਿੱਤਾ | ਪੁਲਿਸ ਵਲੋਂ ਘਟਨਾ ਨੇ ਮਨਦੀਪ ਸਿੰਘ ਨੂੰ ਗਿ੍ਫਤਾਰ ਕਰ ਲਿਆ ਹੈ ਜਦ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ |