ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ਆਪਣੇ ਵਿਦਿਆਰਥੀਆਂ 'ਚ ਸਮਾਜਿਕ ਜ਼ਿੰਮੇਵਾਰੀ ਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਦੀ ਭਾਵਨਾ ਪੈਦਾ ਕਰਨ ਲਈ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ | ਸਕੂਲ ਨੇ ਅਗਸਤ ਵਿਚ ਪੰਜਾਬ ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਜ਼ਰੂਰੀ ਸਾਮਾਨ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਰੈੱਡ ਕਰਾਸ ਸੁਸਾਇਟੀ ਨੂੰ ਸੌਂਪ ਦਿੱਤਾ | ਇਸ ਯੋਗਦਾਨ ਨੇ ਨਾ ਸਿਰਫ਼ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕੀਤੀ, ਸਗੋਂ ਵਿਦਿਆਰਥੀਆਂ ਨੂੰ ਇਹ ਵੀ ਸਿਖਾਇਆ ਕਿ ਸਾਡੇ ਕੋਲ ਜੋ ਕੁੱਝ ਹੈ ਉਹ ਲੋੜਵੰਦਾਂ ਨਾਲ ਸਾਂਝਾ ਕਰਨਾ ਸਭ ਤੋਂ ਵੱਡਾ ਮਨੁੱਖੀ ਫ਼ਰਜ਼ ਹੈ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਪੂਜਾ ਧੀਮਾਨ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਗਿਆਨ ਪ੍ਰਾਪਤ ਕਰਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਵਿਦਿਆਰਥੀਆਂ 'ਚ ਸੰਵੇਦਨਸ਼ੀਲਤਾ ਅਤੇ ਹਮਦਰਦੀ ਪੈਦਾ ਕਰਨਾ ਵੀ ਹੈ | ਸਾਨੂੰ ਮਾਣ ਹੈ ਕਿ ਵੁੱਡਲੈਂਡ ਪਰਿਵਾਰ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਸਮਾਜ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਇਹ ਸੰਦੇਸ਼ ਦਿੱਤਾ ਹੈ ਕਿ ਸੇਵਾ ਤੇ ਸਹਿਯੋਗ ਸੱਚੇ ਮੁੱਲ ਹਨ | ਉਥੇ ਹੀ ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਨੇ ਕਿਹਾ, ਕੁਦਰਤੀ ਆਫ਼ਤਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਜੇਕਰ ਅਸੀਂ ਵਾਤਾਵਰਨ ਦੀ ਦੇਖਭਾਲ ਨਹੀਂ ਕਰਦੇ, ਤਾਂ ਇਸ ਦਾ ਸਮਾਜ 'ਤੇ ਮਾੜਾ ਪ੍ਰਭਾਵ ਪੈਂਦਾ ਹੈ | ਸਕੂਲ ਦਾ ਮੰਨਣਾ ਹੈ ਕਿ ਅਜਿਹੇ ਯਤਨ ਵਿਦਿਆਰਥੀਆਂ 'ਚ ਸਹਿਯੋਗ, ਹਮਦਰਦੀ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਉਹ ਭਵਿੱਖ ਵਿਚ ਬਿਹਤਰ ਅਤੇ ਵਧੇਰੇ ਸੰਵੇਦਨਸ਼ੀਲ ਨਾਗਰਿਕ ਬਣਦੇ ਹਨ |