ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ)-ਸਹਾਇਕ ਕਮਿਸ਼ਨਰ ਆਬਕਾਰੀ ਹਨੂਵੰਤ ਸਿੰਘ ਤੇ ਆਬਕਾਰੀ ਅਫ਼ਸਰ ਹੁਸ਼ਿਆਰਪੁਰ-2 ਪ੍ਰੀਤ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਇਕ ਸਾਂਝੀ ਕਾਰਵਾਈ ਮੁਹਿੰਮ ਚਲਾਈ ਗਈ | ਇਹ ਕਾਰਵਾਈ ਆਬਕਾਰੀ ਟੀਮ ਹੁਸ਼ਿਆਰਪੁਰ-2 (ਪੰਜਾਬ) ਤੇ ਹਿਮਾਚਲ ਪ੍ਰਦੇਸ਼ ਆਬਕਾਰੀ ਵਿਭਾਗ ਵਲੋਂ ਸਾਂਝੇ ਤੌਰ 'ਤੇ ਹਾਜੀਪੁਰ ਤੇ ਤਲਵਾੜਾ ਸਰਕਲਾਂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦੀ ਪੱਟੀ 'ਚ ਕੀਤੀ ਗਈ | ਜ਼ਮੀਨੀ ਪੱਧਰ 'ਤੇ ਇਸ ਮੁਹਿੰਮ ਦੀ ਅਗਵਾਈ ਆਬਕਾਰੀ ਇੰਸਪੈਕਟਰ ਪਰਵਿੰਦਰ ਕੁਮਾਰ, ਆਬਕਾਰੀ ਇੰਸਪੈਕਟਰ ਅਜੈ ਕੁਮਾਰ ਤੇ ਐਸ. ਟੀ. ਈ. ਓ. ਡਮਟਾਲ (ਹਿ.ਪ੍ਰ.) ਅਰੁਣ ਕਪੂਰ ਵਲੋਂ ਕੀਤੀ ਗਈ | ਕਾਰਵਾਈ ਦੌਰਾਨ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਨਿਰਮਾਣ ਨਾਲ ਸੰਬੰਧਿਤ ਸਮੱਗਰੀ ਬਰਾਮਦ ਕੀਤੀ ਗਈ, ਜਿਸ 'ਚ 8 ਪਲਾਸਟਿਕ ਡਰੰਮ (200 ਕਿੱਲੋ ਪ੍ਰਤੀ ਡਰੰਮ), 13 ਤਰਪਾਲਾਂ (ਲਗਪਗ 500 ਕਿੱਲੋ ਪ੍ਰਤੀ ਤਰਪਾਲ) ਸ਼ਾਮਿਲ ਹਨ | ਇਸੇ ਤਰ੍ਹਾਂ ਕੁੱਲ ਲਗਪਗ 8,100 ਕਿੱਲੋ ਲਾਹਣ (ਗੈਰ-ਕਾਨੂੰਨੀ ਤੌਰ 'ਤੇ ਖ਼ਮੀਰ ਵਾਲਾ ਅਲਕੋਹਲ ਪਦਾਰਥ) ਜ਼ਬਤ ਕੀਤਾ | ਇਸ ਤੋਂ ਇਲਾਵਾ ਪਲਾਸਟਿਕ ਦੇ ਡੱਬਿਆਂ ਵਿਚ 300 ਲੀਟਰ ਕੱਚੀ ਸ਼ਰਾਬ, ਸ਼ਰਾਬ ਦੇ ਉਤਪਾਦਨ 'ਚ ਵਰਤੇ ਜਾਣ ਵਾਲੇ ਉਪਕਰਨਾਂ ਅਤੇ ਬਰਤਨਾਂ ਦੇ ਨਾਲ ਵੀ ਜ਼ਬਤ ਕੀਤੀ ਗਈ | ਸਹਾਇਕ ਕਮਿਸ਼ਨਰ (ਆਬਕਾਰੀ) ਹਨੂਵੰਤ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਵਿਭਾਗ ਦੀ ਗੈਰ-ਕਾਨੂੰਨੀ ਸ਼ਰਾਬ ਨਿਰਮਾਣ ਤੇ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਦਾ ਹਿੱਸਾ ਹੈ | ਹਿਮਾਚਲ ਪ੍ਰਦੇਸ਼ ਪੁਲਿਸ ਵਲੋਂ ਜ਼ਬਤੀ ਨਾਲ ਸੰਬੰਧਿਤ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਰੋਕਣ ਲਈ ਅਜਿਹੇ ਸਾਂਝੇ ਆਪ੍ਰੇਸ਼ਨ ਜਾਰੀ ਰਹਿਣਗੇ | 31 ਐਚ ਐਸ ਪੀ 22