ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ 'ਚ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ, ਇਸ਼ਾਨ ਬਾਂਸਲ ਤੇ ਟੀਮ ਮੈਂਬਰ ਰਵਿੰਦਰਜੀਤ ਸਿੰਘ ਵਲੋਂ ਬੀਤੀ ਸ਼ਾਮ ਮੈਡੀਸਨ ਮਾਰਕਿਟ ਹੁਸ਼ਿਆਰਪੁਰ ਵਿਖੇ ਓ. ਆਰ. ਐਸ. ਦੇ ਮੈਡੀਸਨ ਦੇ ਮੁੱਖ ਥੋਕ ਵਿਕੇ੍ਰਤਾਵਾਂ ਦੀ ਚੈਕਿੰਗ ਕੀਤੀ ਅਤੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ ਵਲੋਂ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਓ. ਆਰ. ਐਸ. ਸੰਬੰਧੀ ਜਾਰੀ ਨਵੀਆਂ ਹਦਾਇਤਾਂ ਬਾਰੇ ਜਾਗਰੂਕ ਕੀਤਾ | ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਓ. ਆਰ. ਐਸ. ਸੰਬੰਧੀ ਨਵੀਆਂ ਹਦਾਇਤਾਂ ਤਹਿਤ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ ਵਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੁਝ ਕੰਪਨੀਆਂ ਵਲੋਂ 'ਰੇਡੀ-ਟੂ-ਸਰਵ' ਜੂਸ ਜਾਂ ਪੇਯਾਂ ਨੂੰ ਓ. ਆਰ. ਐਸ., ਰੀਹਾਈਡਰੇਸ਼ਨ ਡਿ੍ੰਕ ਜਾਂ ਇਲੈਕਟਰੋਲਾਈਟ ਡਿ੍ੰਕ ਦੇ ਨਾਂਅ 'ਤੇ ਵੇਚਣਾ ਗਲਤ ਅਤੇ ਭ੍ਰਮਿਤ ਕਰਨ ਵਾਲੀ ਪ੍ਰਥਾ ਹੈ | ਇਸ ਨੂੰ ਕੇਵਲ ਦਸਤ ਜਾਂ ਪੇਟ ਦੇ ਰੋਗਾਂ 'ਚ ਉਪਯੋਗ ਕੀਤਾ ਜਾਂਦਾ ਹੈ | ਉਨ੍ਹਾਂ ਖਪਤਕਾਰਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ 'ਰੇਡੀ-ਟੂ-ਸਰਵ' ਜੂਸ ਜਾਂ ਪੇਯਾਂ ਦੇ ਪਦਾਰਥਾਂ ਨੂੰ ਓ. ਆਰ. ਐਸ. ਸਮਝ ਕੇ ਪੀਣਾ ਖ਼ਾਸ ਕਰਕੇ ਬੱਚਿਆਂ ਲਈ ਖ਼ਤਰਨਾਕ ਹੋ ਸਕਦਾ ਹੈ | ਉਨ੍ਹਾਂ ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੇਵਲ ਮਿਆਰੀ ਡਰੱਗ ਲਾਇਸੈਂਸ ਵਾਲਾ ਓ. ਆਰ. ਐਸ. ਪਾਊਡਰ ਜਾਂ ਸੈਸ਼ੇ ਹੀ ਵਰਤਣ | ਉਨ੍ਹਾਂ ਨੇ ਦੁਕਾਨਦਾਰਾਂ ਤੇ ਹੋਲਸੇਲਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਗੁੰਮਰਾਹ ਕਰਨ ਵਾਲੇ ਨਾਮਾਂ ਵਾਲੇ ਪਦਾਰਥਾਂ ਨੂੰ ਓ. ਆਰ. ਐਸ. ਵਜੋਂ ਨਾ ਵੇਚਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ |