ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਥਾਣਾ ਮੇਹਟੀਆਣਾ ਪੁਲਿਸ ਨੇ ਧਾਰਮਿਕ ਜਗ੍ਹਾ 'ਤੇ ਚੋਰੀ ਕਰਨ ਵਾਲੇ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਨਕਦੀ ਅਤੇ ਘਟਨਾ ਲਈ ਵਰਤੇ ਗਏ ਤੇਜ਼ ਹਥਿਆਰ ਬਰਾਮਦ ਕੀਤੇ ਹਨ | ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਪਿੰਡ ਅਜੜਾਮ ਦੇ ਵਾਸੀ ਗੁਰਜਾਪ ਨੇ ਦੱਸਿਆ ਕਿ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਚੋਰਾਂ ਨੇ ਗੁਰਦੁਆਰਾ ਸ੍ਰੀ ਸ਼ਬਦ ਪ੍ਰਕਾਸ਼ ਦੀ ਗੋਲਕ ਚੋਰੀ ਕਰ ਲਈ ਹੈ ਅਤੇ ਜਦੋਂ ਘਟਨਾ ਦੀ ਤਹਿ ਤੱਕ ਪਹੁੰਚਣ ਲਈ ਸੀ.ਸੀ.ਟੀ.ਵੀ. ਫੁਟੇਜ਼ ਦੀ ਜਾਂਚ ਕੀਤੀ ਤਾਂ 3 ਕਥਿਤ ਦੋਸ਼ੀਆਂ ਜਸਪ੍ਰੀਤ ਸਿੰਘ ਉਰਫ਼ ਜੱਸੂ, ਲਖਵੀਰ ਸਿੰਘ ਉਰਫ਼ ਮੋਨੂੰ ਵਾਸੀ ਸੁਖਿਆਰਾ ਜ਼ਿਲ੍ਹਾ ਜਲੰਧਰ ਤੇ ਜਸਮੀਤ ਸਿੰਘ ਉਰਫ਼ ਜੱਸੀ ਵਾਸੀ ਰਾਜੋਵਾਲ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਦੱਸਿਆਂ ਕਿ ਤਿੰਨੇ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਚੋਰੀ ਕੀਤੀ ਨਕਦੀ ਅਤੇ ਘਟਨਾ ਸਮੇਂ ਵਰਤੇ ਗਏ ਹਥਿਆਰ ਬਰਾਮਦ ਕਰ ਲਏ ਹਨ | ਪੁਲਿਸ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਹੈ |