ਹੁਸ਼ਿਆਰਪੁਰ, 17 ਦਸੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਐਨ.ਆਰ.ਆਈ ਥਾਣੇ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਭਗੌੜੇ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਟ ਸੁਰਿੰਦਰ ਸਿੰਘ ਲਈ ਪੁਲਿਸ ਨੇ ਲੁਕ ਆਊਟ ਨੋਟਿਸ (ਐਲ.ਓ.ਸੀ) ਜਾਰੀ ਕਰਵਾਇਆ ਹੋਇਆ ਸੀ। ਕੱਲ੍ਹ ਜਿਵੇਂ ਹੀ ਉਹ ਇਟਲੀ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜਿਆ, ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਖ ਥਾਣਾ ਅਫ਼ਸਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੇ ਖਿਲਾਫ਼ ਅਮਰੀਕਾ ਤੋਂ ਡਿਪੋਟ ਹੋ ਕੇ ਆਏ ਇਕ ਵਿਅਕਤੀ ਸੁਖਪਾਲ ਸਿੰਘ ਵਾਸੀ ਦਾਰਾਪੁਰ, ਟਾਂਡਾ ਦੇ ਬਿਆਨ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਏਜੰਟ ਨੇ ਅਮਰੀਕਾ ਭੇਜਣ ਦੇ ਨਾਂਅ 'ਤੇ ਉਸ ਤੋਂ 20 ਲੱਖ ਰੁਪਏ ਲਏ ਸਨ ਪਰ ਸਿੱਧਾ ਅਮਰੀਕਾ ਭੇਜਣ ਦੀ ਬਜਾਏ ਉਸ ਨੂੰ ਡੰਕੀ ਰੂਟ 'ਤੇ ਪਾ ਦਿੱਤਾ। ਕਾਫ਼ੀ ਖੱਜਲ ਖੁਆਰੀ ਤੋਂ ਬਾਅਦ ਉਹ ਮੈਕਸੀਕੋ ਪਹੁੰਚਿਆ ਅਤੇ ਜਦੋਂ ਉਹ ਬਾਰਡਰ ਪਾਸ ਕਰਕੇ ਅਮਰੀਕਾ ਪੁੱਜਿਆ ਤਾਂ ਅਮਰੀਕਨ ਫ਼ੌਜ ਨੇ ਹੋਰ ਨੌਜਵਾਨਾਂ ਸਮੇਤ ਉਸ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਭਾਰਤ ਡਿਪੋਟ ਕਰ ਦਿੱਤਾ। 5 ਫ਼ਰਵਰੀ ਨੂੰ ਉਹ ਅੰਮ੍ਰਿਤਸਰ ਵਾਪਿਸ ਆ ਗਿਆ। ਸੁਖਪਾਲ ਸਿੰਘ ਨੇ ਏਜੰਟ ਸੁਰਿੰਦਰ ਸਿੰਘ ਵਾਸੀ ਲੋਹਗੜ੍ਹ, ਮੁਕੇਰੀਆਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ। ਐਨ.ਆਰ.ਆਈ ਥਾਣੇ ਵਿਚ ਦੋਸ਼ੀ ਖਿਲਾਫ਼ ਕੇਸ ਕਰਜ ਕਰ ਲਿਆ ਗਿਆ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਸੀ। ਪੁਲਿਸ ਨੇ ਕਾਨੂੰਨ ਦਾ ਸਹਾਰਾ ਲੈਂਦਿਆਂ ਉਸ ਦੇ ਖਿਲਾਫ਼ ਐਲ.ਓ.ਸੀ ਜਾਰੀ ਕਰਵਾ ਦਿੱਤਾ। ਬੀਤੇ ਦਿਨ ਜਦੋਂ ਸੁਰਿੰਦਰ ਸਿੰਘ ਉਰਫ਼ ਹੈਪੀ ਇਟਲੀ ਤੋਂ ਵਾਪਿਸ ਅੰਮ੍ਰਿਤਸਰ ਏਅਰਪੋਰਟ ਆਇਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਦੀ ਸੂਚਨਾ ਸਬੰਧਤ ਥਾਣੇ ਨੂੰ ਦਿੱਤੀ ਜਿਸ 'ਤੇ ਐਨ.ਆਰ.ਆਈ ਥਾਣੇ ਦੀ ਇਕ ਪੁਲਿਸ ਪਾਰਟੀ ਜਿਸ ਵਿਚ ਐਸ.ਆਈ ਸੁਖਜਿੰਦਰ ਸਿੰਘ, ਏ.ਐਸ.ਆਈ ਸੋਹਨ ਸਿੰਘ, ਹੈਡ ਕਾਂਸਟੇਬਲ ਮਹਿੰਦਰ ਮੋਹਨ ਅਤੇ ਹੈਡ ਕਾਂਸਟੇਬਲ ਮਨਦੀਪ ਸਿੰਘ ਸ਼ਾਮਿਲ ਸਨ, ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਹੁਸ਼ਿਆਰਪੁਰ ਲੈ ਆਂਦਾ। ਉਸ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਥਾਣਾ ਅਫ਼ਸਰ ਨੇ ਦੱਸਿਆ ਕਿ ਦੋਸ਼ੀ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਨ. ਆਰ. ਆਈ. ਪੁਲਿਸ ਨੇ ਭਗੋੜੇ ਏਜੰਟ ਨੂੰ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
ਅਜੀਤ ਡੈਸਕ
18-12-2025