ਤਰਨ ਤਾਰਨ, 17 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ | ਜ਼ਿਲ੍ਹੇ ਦੀਆਂ ਕੁੱਲ 20 ਸੀਟਾਂ 'ਚੋਂ ਆਮ ਆਦਮੀ ਪਾਰਟੀ ਦਾ 18 ਸੀਟਾਂ 'ਤੇ ਕਬਜ਼ਾ ਹੋ ਗਿਆ ਹੈ, ਜਦਕਿ ਇਕ ਸੀਟ ਸ਼ੋ੍ਰਮਣੀ ਅਕਾਲੀ ਦਲ ਦੇ ਖ਼ਾਤੇ ਵਿਚ ਗਈ ਹੈ ਅਤੇ ਇਕ ਸੀਟ 'ਤੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ ਹੈ | ਜ਼ਿਲ੍ਹਾ ਪ੍ਰੀਸ਼ਦ ਦੇ ਐਲਾਨੇ ਗਏ ਨਤੀਜਿਆਂ ਵਿਚ ਨੌਸ਼ਹਿਰਾ ਪੰਨੂੰਆਂ ਤੋਂ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ 1794 ਵੋਟਾਂ ਨਾਲ ਚੋਣ ਜਿੱਤ ਗਏ | ਕੈਰੋਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਸਿਕੰਦਰ ਸਿੰਘ 2287 ਵੋਟਾਂ ਨਾਲ ਜਿੱਤੇ, ਸਭਰਾ ਤੋਂ 'ਆਪ' ਦੇ ਜਗਜੀਤ ਸਿੰਘ 4970 ਵੋਟਾਂ, ਵਲਟੋਹਾ ਜ਼ੋਨ ਤੋਂ 'ਆਪ' ਦੇ ਗੁਰਪ੍ਰਸੰਨ ਸਿੰਘ 3610 ਵੋਟਾਂ ਅਤੇ ਸੁਰ ਸਿੰਘ ਤੋਂ 'ਆਪ' ਦੇ ਉਮੀਦਵਾਰ ਹਰਵਿੰਦਰ ਕੌਰ 1891 ਵੋਟਾਂ ਨਾਲ ਜਿੱਤੇ | ਇਸ ਤੋਂ ਇਲਾਵਾ ਜ਼ੋਨ ਮਾਣੋਚਾਲ ਕਲਾਂ ਦੀ ਹੋਈ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਜਗੀਰ ਕੌਰ ਨੇ 113 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਇਸ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਤੋਂ 'ਆਪ' ਦੇ ਸੇਵਕਪਾਲ ਸਿੰਘ, ਮੁੰਡਾਪਿੰਡ ਤੋਂ 'ਆਪ' ਦੇ ਸ਼ੋਭਾ ਕੁਮਾਰੀ, ਸਰਹਾਲੀ ਕਲਾਂ ਤੋਂ 'ਆਪ' ਦੇ ਗੁਰਦਿਆਲ ਸਿੰਘ, ਪੱਖੋਕੇ ਤੋਂ 'ਆਪ' ਦੇ ਰਾਜਵਿੰਦਰ ਕੌਰ, ਸੇਰੋਂ ਤੋਂ 'ਆਪ' ਦੇ ਦਰਸ਼ਨ ਕੌਰ, ਘਰਿਆਲਾ ਤੋਂ 'ਆਪ' ਦੇ ਮਿਲਖਾ ਸਿੰਘ, ਮਹਿਮੂਦਪੁਰਾ ਤੋਂ 'ਆਪ' ਦੇ ਅਮਰੀਕ ਸਿੰਘ, ਮਾੜੀ ਮੇਘਾ ਤੋਂ 'ਆਪ' ਦੀ ਜਤਿੰਦਰ ਕੌਰ, ਗੱਗੋਬੂਹਾ ਤੋਂ 'ਆਪ' ਦੇ ਅੰਗਦਦੀਪ ਸਿੰਘ ਸੋਹਲ, ਕਸੇਲ ਤੋਂ 'ਆਪ' ਦੇ ਹਰਜਿੰਦਰ ਕੌਰ, ਅੱਡਾ ਝਬਾਲ ਤੋਂ 'ਆਪ' ਦੀ ਸੁਸ਼ਮਾ ਰਾਣੀ ਅਤੇ ਪਲਾਸੌਰ ਤੋਂ 'ਆਪ' ਦੇ ਕੰਵਲ ਗਿੱਲ ਬਿਨਾਂ ਮੁਕਾਬਲਾ ਚੋਣ ਜਿੱਤ ਗਏ | ਇਸ ਮੌਕੇ ਤਰਨ ਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਸਰਵਣ ਸਿੰਘ ਧੁੰਨ ਨੇ ਜਿੱਤੇ ਹੋਏ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਗਏ ਕੰਮਾਂ 'ਤੇ ਮੋਹਰ ਲਗਾਈ ਹੈ |