ਹੁਸ਼ਿਆਰਪੁਰ, 28 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿ੍ਸਮਸ ਦੇ ਸ਼ੁੱਭ ਮੌਕੇ 'ਤੇ ਸਾਰੇ ਹੁਸ਼ਿਆਰਪੁਰ ਵਾਸੀਆਂ, ਖ਼ਾਸ ਕਰਕੇ ਈਸਾਈ ਭਾਈਚਾਰੇ ਨੂੰ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਉਹ ਮੋਨਾ ਮੈਮੋਰੀਅਲ ਚਰਚ ਵਿਖੇ ਕਰਵਾਏ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋਏ ਅਤੇ ਪ੍ਰਭੂ ਯਿਸੂ ਮਸੀਹ ਦੇ ਸੁਨੇਹਿਆਂ ਨੂੰ ਯਾਦ ਕੀਤਾ | ਵਿਧਾਇਕ ਜਿੰਪਾ ਨੇ ਕਿਹਾ ਕਿ ਕਿ੍ਸਮਸ ਦਾ ਤਿਉਹਾਰ ਪਿਆਰ, ਕੁਰਬਾਨੀ, ਦਇਆ ਅਤੇ ਸੇਵਾ ਦਾ ਪ੍ਰਤੀਕ ਹੈ | ਪ੍ਰਭੂ ਯਿਸੂ ਮਸੀਹ ਨੇ ਮਨੁੱਖਤਾ ਨੂੰ ਆਪਸੀ ਭਾਈਚਾਰੇ, ਸ਼ਾਂਤੀ ਅਤੇ ਸਦਭਾਵਨਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਧਾਰਮਿਕ ਸਦਭਾਵਨਾ ਅਤੇ ਆਪਸੀ ਸਤਿਕਾਰ ਦੀ ਉਦਾਹਰਨ ਰਹੀ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਹਨ | ਮੋਨਾ ਮੈਮੋਰੀਅਲ ਚਰਚ ਵਿਖੇ ਹੋਏ ਇਕੱਠ ਦੌਰਾਨ ਵਿਧਾਇਕ ਜਿੰਪਾ ਨੇ ਸ਼ਹਿਰ ਦੀ ਸ਼ਾਂਤੀ, ਤਰੱਕੀ ਅਤੇ ਆਪਸੀ ਭਾਈਚਾਰੇ ਲਈ ਪ੍ਰਾਰਥਨਾ ਵੀ ਕੀਤੀ | ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਡਿਪਟੀ ਮੇਅਰ ਪ੍ਰਵੀਨ ਸੈਣੀ, ਅਤੁੱਲ ਸ਼ਰਮਾ ਸੋਨਾਲੀਕਾ, ਸੰਜੇ ਸ਼ਰਮਾ, ਜੇਸਨ ਮੈਥਿਊਜ਼, ਸਟੀਫਨ, ਰਾਜੀਵ ਰੰਗਾ, ਪਾਸਟਰ ਮਨਦੀਪ ਨਗਰ, ਸੀਨੀਅਰ, ਸਾਬਕਾ ਕੌਂਸਲਰ ਕੁਲਵਿੰਦਰ ਹੁੰਦਲ, ਕੌਂਸਲਰ ਮੁਕੇਸ਼ ਮੱਲ, ਬਲਾਕ ਪ੍ਰਧਾਨ ਜਸਪਾਲ ਸੁਮਨ ਅਤੇ ਕਈ ਪਤਵੰਤੇ ਅਤੇ ਸ਼ਰਧਾਲੂ ਮੌਜੂਦ ਸਨ |