ਬੀਣੇਵਾਲ,28 ਦਸੰਬਰ (ਬੈਜ ਚੌਧਰੀ)-ਨਗਰ ਕੌਂਸਲ ਗੜ੍ਹਸ਼ੰਕਰ ਵਿਚ ਪੈਂਦੇ ਸਾਰੇ ਵਾਰਡਾਂ ਦੀ ਨਵੇਂ ਸਿਰੇ ਤੋ ਕੀਤੀ ਗਈ ਵਾਰਡਬੰਦੀ ਨੇ ਸ਼ਹਿਰ ਦਾ ਨਕਸ਼ਾ ਹੀ ਵਿਗਾੜ ਦਿੱਤਾ ਹੈ | ਅਜੀਤ ਨਾਲ ਗਲ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਇਹ ਮੌਜੂਦਾ ਆਪ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਕਿਸੀ ਵਾਰਡ ਵਿਚ ਵਾਧਾ ਹੋਇਆ ਹੈ ਨ ਹੀ ਕਟੌਤੀ ਹੋਈ ਹੈ | ਫਿਰ ਵੀ ਵਾਰਡ ਬਦਲੇ ਗਏ ਹਨ | ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਹਲਕੇ ਦੇ ਵਿਧਾਇਕ ਨੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਉਨ੍ਹਾਂ ਦੀ ਮਰਜ਼ੀ ਮੁਤਾਬਿਕ ਵਾਰਡਾਂ ਵਿਚ ਛੇੜਛਾੜ ਕੀਤੀ ਗਈ ਹੈ | ਲਾਲੀ ਨੇ ਕਿਹਾ ਕਿ ਇਸ ਵਾਰਡਬੰਦੀ ਨੇ ਸ਼ਹਿਰ ਦਾ ਨਕਸ਼ਾ ਹੀ ਵਿਗਾੜ ਦਿੱਤਾ ਹੈ.ਅਤੇ ਸਰਕਾਰ ਨੇ ਆਪਣੇ ਚਹੇਤੇ ਉਮੀਦਵਾਰਾਂ ਨੂੰ ਜਿਤਾਉਣ ਲਈ ਇਹ ਨਵੀਂ ਵਾਰਡਬੰਦੀ ਕੀਤੀ ਹੈ | ਨਵੀਂ ਵਾਰਡ ਬੰਦੀ ਵਾਰੇ ਮੌਜੂਦਾ ਕੌਂਸਲਰਾਂ ਨੂੰ ਕੋਈ ਜਾਣਕਾਰੀ ਨਹੀਂ ਹੈ | ਲਾਲੀ ਨੇ ਕਿਹਾ ਕਿ ਆਪ ਸਰਕਾਰ ਨੂੰ ਆਪਣੀ ਹਾਰ ਸਾਫ਼ ਦਿਸ ਰਹੀ ਹੈ | ਜਿਸ ਤੋਂ ਸਾਫ਼ ਹੈ ਕਿ ਆਉਣ ਵਾਲਾ ਸਮਾਂ ਆਪ ਦਾ ਨਹੀਂ ਸਗੋਂ ਕਾਂਗਰਸ ਦਾ ਹੈ | ਕਾਂਗਰਸ ਪਾਰਟੀ ਇਸ ਨਾ ਇੰਨਸਾਫੀ ਦੇ ਬਾਵਜੂਦ ਡਟ ਕੇ ਮੁਕਾਬਲਾ ਕਰੇਗੀ ਅਤੇ ਨਗਰ ਕੌਂਸਲ ਗੜ੍ਹਸ਼ੰਕਰ ਵਿੱਤ ਬਹੁਮਤ ਹਾਸਲ ਕਰੇਗੀ |