13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੰਯੁਕਤ ਕਿਸਾਨ ਮੋਰਚੇ ਵਲੋਂ ਜਗਰਾਉਂ ਵਿਖੇ ਪੁਲਿਸ ਜਬਰ ਵਿਰੋਧੀ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 03-06-2025
ਜਗਰਾਉਂ, 2 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿਖੇ ਪੁਲਿਸ ਜ਼ਬਰ ਵਿਰੋਧੀ ਤੀਸਰੀ ਵਿਸ਼ਾਲ ਰੈਲੀ ਕੀਤੀ ਗਈ | ਇਸ ਤੋਂ ਪਹਿਲਾਂ ਸੰਯੁਕਤ ਮੋਰਚੇ ਵਲੋਂ ਜ਼ਬਰ ਵਿਰੋਧੀ ਸੰਗਰੂਰ ਅਤੇ ਬਠਿੰਡੇ ਰਾਜ ਪੱਧਰੀ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਗਏ ਹਨ | ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਗੁਰਦੀਪ ਸਿੰਘ ਰਾਮਪੁਰਾ, ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਧਨੇਰ, ਅਵਤਾਰ ਸਿੰਘ ਮੇਹਲੋਂ, ਸੂਰਤ ਸਿੰਘ ਧਰਮਕੋਟ, ਰਘਬੀਰ ਸਿੰਘ ਬੈਨੀਪਾਲ, ਬਲਰਾਜ ਸਿੰਘ ਕੋਟਉਮਰਾ, ਜਤਿੰਦਰ ਸਿੰਘ ਛੀਨਾ, ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ, ਮਹਾਂਵੀਰ ਸਿੰਘ ਗਿੱਲ, ਚਰਨ ਸਿੰਘ ਨੂਰਪੁਰਾ, ਬੂਟਾ ਸਿੰਘ, ਛਿੰਦਰਪਾਲ ਕੌਰ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਪਹਿਲੀ ਸਰਕਾਰ ਹੈ ਜੋ ਹੱਕੀ ਮੰਗਾਂ ਲਈ ਸੰਘਰਸ਼ ਰਹੇ ਕਿਸਾਨਾਂ-ਮਜ਼ਦੂਰਾਂ 'ਤੇ ਤਸ਼ੱਦਦ ਢਾਹ ਰਹੀ ਹੈ, ਉਨ੍ਹਾਂ ਨੂੰ ਗਿ੍ਫ਼ਤਾਰ ਕਰ ਰਹੀ ਹੈ ਅਤੇ ਸੰਘਰਸ਼ੀਆਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਨਾਲ ਪੰਜਾਬ ਸੂਬਾ ਪੁਲਿਸ ਸਟੇਟ ਬਣਨ ਵੱਲ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਜ਼ਬਰ ਕਰਨ ਵਾਲੇ ਕਦੇ ਜਿੱਤੇ ਨਹੀਂ ਅਤੇ ਸੰਘਰਸ਼ ਕਰਨ ਵਾਲੇ ਕਦੇ ਹਾਰਦੇ ਨਹੀਂ ਹੁੰਦੇ | ਉਨ੍ਹਾਂ ਇਹ ਵੀ ਕਿਹਾ ਕਿ ਭਿ੍ਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਅਤੇ ਵਾਅਦੇ ਕਰਨ ਵਾਲੀ ਸਰਕਾਰ ਸਿਰਫ਼ ਕੁਰਸੀਆਂ ਤੱਕ ਹੀ ਸਿਮਟ ਕੇ ਰਹਿ ਗਈ ਹੈ, ਸੂਬੇ 'ਚ ਭਿ੍ਸ਼ਟਾਚਾਰ ਘਟਣ ਦੀ ਬਜਾਏ ਹੋਰ ਵਧਿਆ ਹੈ | ਲੋਕਾਂ ਨੇ ਬਦਲਾਅ ਇਸ ਕਰਕੇ ਲਿਆਂਦਾ ਸੀ ਕਿ ਉਕਤ ਵਿਗੜੇ ਸਿਸਟਮ ਤੋਂ ਛੁਟਕਾਰਾ ਮਿਲ ਸਕੇ, ਪਰ 'ਆਪ' ਸਰਕਾਰ ਦਾ ਝਾੜੂ ਭਿ੍ਸ਼ਟਾਚਾਰ 'ਚ ਲਿਪਤ ਹੋ ਗਿਆ ਹੈ, ਜੋ ਤੀਲਾ-ਤੀਲਾ ਹੋ ਕੇ ਬਿਖਰੇਗਾ | ਉਕਤ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ, ਆਪਣੀ ਹਰ ਗੱਲ ਮੰਨਵਾਉਣ ਲਈ ਸਰਕਾਰ ਵਲੋਂ ਪੁਲਿਸ ਦੇ ਡੰਡਾ ਤੰਤਰ ਦੀ ਵਰਤੋਂ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਾਣੀਆਂ ਦੇ ਮਸਲੇ 'ਤੇ ਵੀ ਸੰਜੀਦਾ ਨਹੀਂ ਹੈ, ਜੇਕਰ ਸੰਜੀਦਾ ਹੋਵੇ ਤਾਂ ਸਰਕਾਰ ਨੂੰ ਡੈਮ ਸੇਫਟੀ ਐਕਟ ਨੂੰ ਵਿਧਾਨ ਸਭਾ 'ਚ ਰੱਦ ਕਰਨਾ ਚਾਹੀਦਾ ਸੀ | ਇਸ ਦੇ ਨਾਲ ਸਰਕਾਰ ਨੇ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਜਲ ਸੋਧ ਐਕਟ ਲਾਗੂ ਕਰਕੇ ਸਨਅਤਕਾਰਾਂ ਨੂੰ ਪਾਣੀ ਗੰਦਾ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ | ਉਕਤ ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਆਗੂ ਪੰਜਾਬ ਵਿਚ ਇੰਡਸਟਰੀ ਲਗਾਉਣ ਦੇ ਵਿਰੋਧ 'ਚ ਨਹੀਂ, ਪਹਿਲਾਂ ਵੀ ਪੰਜਾਬ 'ਚ ਹਜ਼ਾਰਾਂ ਇੰਡਸਟਰੀਆਂ ਹਨ ਅਤੇ ਮੁੱਖ ਮਾਰਗ ਬਣੇ ਹਨ, ਪਰ ਲੱਗ ਰਹੇ ਬਾਇਓ ਗੈਸ ਪਲਾਟ ਅਤੇ ਅਰਬਨ ਅਸਸੇਟ ਲਈ ਐਕਵਾਇਰ ਹੋਣ ਵਾਲੀਆਂ ਉਪਜਾਊ ਜ਼ਮੀਨਾਂ ਸੂਬੇ ਦੇ ਲੋਕਾਂ ਦੇ ਹਿੱਤ 'ਚ ਨਹੀਂ ਹਨ | ਜੋ ਸਰਕਾਰ ਬਾਇਓ ਗੈਸ ਪਲਾਟ ਜ਼ਬਰੀ ਲਗਾਉਣੇ ਚਾਹੁੰਦੀਆਂ ਹਨ, ਉਹ ਪੰਜਾਬ ਵਾਸੀਆਂ ਲਈ ਬਿਮਾਰੀਆਂ ਦਾ ਘਰ ਹਨ ਅਤੇ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ | ਉਨ੍ਹਾਂ ਕਿਹਾ ਕਿ ਉਹੀ ਸਰਕਾਰਾਂ ਕਾਮਯਾਬ ਹੁੰਦੀਆਂ ਹਨ ਜੋ ਸੂਬੇ ਦੀ ਬਿਹਤਰੀ ਲਈ ਕਾਰਜ ਕਰਦੀਆਂ ਹਨ | ਲੋਕਾਂ ਤੋਂ ਵੱਡਾ ਕੋਈ ਕਾਨੂੰਨ ਨਹੀਂ ਹੈ | ਉਕਤ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਰੋਕਣ 'ਚ ਵੀ ਨਾਕਾਮ ਰਹੀ ਹੈ | ਬੁਲਾਰਿਆਂ ਨੇ 5 ਮਾਰਚ ਨੂੰ ਚੰਡੀਗੜ੍ਹ ਜਾਣ ਵਾਲੇ ਕਿਸਾਨਾਂ 'ਤੇ ਜ਼ਬਰ, 19 ਮਾਰਚ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਜ਼ਬਰ ਕਰਨਾ, ਚਾਉਂਕੇ ਸਕੂਲ ਦੇ ਅਧਿਆਪਕਾਂ 'ਤੇ ਜ਼ੁਲਮ, ਕੁੱਲਰੀਆਂ, ਬਠੋਈ ਕਲਾਂ, ਜਿਉਂਦ, ਸੀਡ ਫਾਰਮ ਅਬੋਹਰ ਅਤੇ ਹੋਰ ਥਾਵਾਂ 'ਤੇ ਲੋਕਾਂ ਦੀਆਂ ਜ਼ਮੀਨਾਂ ਜ਼ਬਰੀ ਖੋਹਣੀਆਂ, ਭਾਰਤ ਮਾਲਾ ਪ੍ਰੋਜੈਕਟਲਈ ਜ਼ਮੀਨਾਂ ਜਬਰੀ ਖੋਹਣ ਸਮੇਂ ਲੋਕਾਂ 'ਤੇ ਜ਼ੁਲਮ ਕਰਨਾ, ਬੀੜ ਐਸ਼ਬਾਨ ਅਤੇ ਚੰਦਭਾਨ ਵਿਖੇ ਮਜ਼ਦੂਰਾਂ 'ਤੇ ਜ਼ੁਲਮ ਕਰਨਾ ਅਤੇ ਨਸ਼ਿਆਂ ਵਿਰੁੱਧ ਯੁੱਧ ਦੀ ਆੜ ਵਿਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਚਲਾਉਣਾ ਇਸ ਜ਼ਬਰ ਦੀਆਂ ਉਦਾਹਰਨਾਂ ਹਨ | ਸਰਕਾਰ ਚਾਹੁੰਦੀ ਹੈ ਕਿ ਲੋਕ ਇਸ ਜ਼ਬਰ ਤੋਂ ਡਰ ਕੇ ਸੰਘਰਸ਼ਾਂ ਤੋਂ ਮੂੰਹ ਮੋੜ ਲੈਣ ਪਰ ਪੰਜਾਬ ਦੇ ਅਣਖੀ ਤੇ ਬਹਾਦਰ ਲੋਕ ਕਦੇ ਵੀ ਜ਼ਬਰ ਨਾਲ ਦਬਾਇਆ ਨਹੀਂ ਜਾ ਸਕਦਾ, ਉਹ ਹੋਰ ਦੁੱਗਣੇ ਜੋਸ਼ ਅਤੇ ਉਤਸ਼ਾਹ ਨਾਲ ਸੰਘਰਸ਼ ਦੇ ਮੈਦਾਨਾਂ ਵਿਚ ਡਟ ਜਾਂਦੇ ਹਨ | ਇਸ ਸਮੇਂ ਗੋਨਿਆਣਾ ਮੰਡੀ ਦੇ ਨੌਜਵਾਨ ਅਧਿਆਪਕ ਨਰਿੰਦਰ ਦੀਪ ਸਿੰਘ ਦੇ ਸੀ.ਆਈ.ਏ. ਬਠਿੰਡਾ ਵਿਚ ਕੀਤੇ ਗਏ ਕਤਲ ਦੀ ਨਿਆਂਇਕ ਜਾਂਚ ਕਰਵਾ ਕੇ ਇਨਸਾਫ ਦੇਣ, ਨਸ਼ਾ ਬੰਦ ਕਰਨ ਦੀ ਆੜ ਹੇਠ ਆਮ ਲੋਕਾਂ ਦੀ ਫੜੋ ਫੜੀ ਬੰਦ ਕਰਕੇ ਵੱਡੇ ਨਸ਼ਾ ਤਸਕਰਾਂ ਖਿਲਾਫ਼ ਨਕੇਲ ਕਸਣ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗਿ੍ਫ਼ਤਾਰ ਕੀਤੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਆਦਰਸ਼ ਸਕੂਲ ਚਾਉਂਕੇ ਦਾ ਮਸਲਾ ਸਮਝੌਤੇ ਅਨੁਸਾਰ ਹੱਲ ਕਰਨ, ਕੁੱਲਰੀਆਂ ਜ਼ਮੀਨ ਮਾਲਕ ਕਿਸਾਨਾਂ ਦਾ ਹੱਕ ਤਸਲੀਮ ਕਰਨ, ਕੈਂਸਰ ਵੰਡ ਰਹੀਆਂ ਬਾਇਓ ਗੈਸ ਫੈਕਟਰੀਆਂ ਬੰਦ ਕਰਨ, ਚਮਕੌਰ ਸਾਹਿਬ ਨੇੜੇ ਸੀਮਿੰਟ ਫੈਕਟਰੀ ਲਾਉਣ ਦਾ ਫ਼ੈਸਲਾ ਰੱਦ ਕਰਨ, ਗਲਾਡਾ ਵਲੋਂ ਲੁਧਿਆਣਾ ਜ਼ਿਲ੍ਹੇ ਅੰਦਰ 24311 ਏਕੜ ਜ਼ਮੀਨ ਹੜੱਪਣ ਦਾ ਫ਼ੈਸਲਾ ਵਾਪਸ ਲੈਣ, ਆਦਿਵਾਸੀਆਂ/ਮਾਓਵਾਦੀਆਂ ਖਿਲਾਫ਼ ਕੇਂਦਰੀ ਹਕੂਮਤ ਵਲੋਂ ਵਿੱਢਿਆ 'ਅਪ੍ਰੇਸ਼ਨ ਕਗਾਰ' ਬੰਦ ਕਰਨ ਆਦਿ ਮਤੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪਾਸ ਕੀਤੇ ਗਏ | ਰੈਲੀ ਤੋਂ ਬਾਅਦ ਸ਼ਹਿਰ ਵਿਚ ਗੱਡੀਆਂ, ਟਰੈਕਟਰ-ਟਰਾਲੀਆਂ, ਮੋਟਰਸਾਈਕਲਾਂ ਰਾਹੀਂ ਮਾਰਚ ਕੱਢਿਆ ਗਿਆ | ਝਾਂਸੀ ਰਾਣੀ ਚੌਂਕ 'ਚ ਐੱਸ.ਡੀ.ਐੱਮ. ਕਰਨਦੀਪ ਸਿੰਘ, ਡੀ.ਐੱਸ.ਪੀ. ਜਸਜੋਤ ਸਿੰਘ ਤੇ ਹੋਰ ਅਧਿਕਾਰੀਆਂ ਨੇ ਪੁੱਜ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੋਂ ਮੰਗ ਪੱਤਰ ਲਿਆ | ਰੈਲੀ ਦੌਰਾਨ ਪੰਜਾਬ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਕਿਸਾਨ-ਮਜ਼ਦੂਰ ਅਤੇ ਔਰਤਾਂ ਪੂਰੇ ਜੋਸ਼ ਨਾਲ ਸ਼ਾਮਿਲ ਹੋਏ | ਇਸ ਮੌਕੇ ਜੋਗਿੰਦਰ ਸਿੰਘ ਮਲਸੀਂਹਾ ਬਾਜਣ, ਜਸਵੀਰ ਸਿੰਘ ਝੱਜ, ਚਮਕੌਰ ਸਿੰਘ ਬਰ੍ਹਮੀ, ਗੁਰਤੇਜ ਸਿੰਘ ਤੇਜ, ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਐਡਵੋਕੇਟ ਅਮਨਦੀਪ ਕੌਰ, ਬੀਬੀ ਹਰਜਿੰਦਰ ਕੌਰ, ਗੁਰਦੇਵ ਸਿੰਘ ਮਾਂਗੇਵਾਲ, ਸੁਦਾਗਰ ਸਿੰਘ ਘੁਡਾਣੀ, ਚਰਨ ਸਿੰਘ ਨੂਰਪੁਰਾ, ਤਰਸੇਮ ਸਿੰਘ ਬੱਸੂਵਾਲ, ਹਰਨੇਕ ਸਿੰਘ ਗੁੱਜਰਵਾਲ, ਮੇਜਰ ਸਿੰਘ ਖੁਰਲਾਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਦੇ ਖਿਡਾਰੀ ਦਾ ਕੀਤਾ ਸਨਮਾਨ ਅਗਲੀ ਖ਼ਬਰ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਅੱਬੂਪੁਰਾ ਵਿਖੇ ਲਾਸ਼ ਰੱਖ ਕੇ ਲਗਾਇਆ ਧਰਨਾ
Ad Position 24