ਸਿੱਧਵਾਂ ਬੇਟ, 2 ਜੂਨ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਨੇ ਲੰਘੇ ਦਿਨੀਂ ਆਪਣੇ ਹੀ ਘਰ ਵਿਚ ਫਾਹਾ ਲੈ ਕੇ ਮੌਤ ਦੇ ਮੂੰਹ ਜਾ ਪਏ ਰੂਪ ਸਿੰਘ ਉਰਫ਼ ਰੂਪਾ ਪੁੱਤਰ ਸੋਨਾ ਸਿੰਘ ਵਾਸੀ ਅੱਬੂਪੁਰਾ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ 'ਤੇ ਸਿਮਰਜੀਤ ਕੌਰ ਉਰਫ਼ ਸੀਮਾ ਪੁੱਤਰੀ ਅਜੀਤ ਸਿੰਘ ਵਾਸੀ ਰਾਏਪੁਰ ਬੀਟਲਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਧਾਰਾ 108, 351 ਬੀ.ਐੱਨ.ਐੱਸ. ਤਹਿਤ ਮੁਕੱਦਮਾਂ ਨੰ. 134 ਦਰਜ ਕਰ ਲਿਆ ਹੈ, ਪਰ ਫਿਰ ਵੀ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਮਿ੍ਤਕ ਰੂਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਪਿੰਡ ਦੇ ਬਾਹਰਵਾਰ ਕਿਸ਼ਨਪੁਰਾ ਸੜਕ 'ਤੇ ਸਥਿਤ ਬੱਸ ਅੱਡੇ ਕੋਲ ਇਹ ਕਹਿ ਕੇ ਰੱਖ ਦਿੱਤਾ ਕਿ ਜਿਨ੍ਹਾਂ ਚਿਰ ਰੂਪ ਸਿੰਘ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੀ ਸਿਮਰਜੀਤ ਕੌਰ ਉਰਫ਼ ਸੀਮਾ ਨੂੰ ਪੁਲਿਸ ਹਿਰਾਸਤ ਵਿਚ ਨਹੀਂ ਲੈਂਦੀ ਉਨ੍ਹਾਂ ਚਿਰ ਅਸੀਂ ਮਿ੍ਤਕ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ | ਇਸ ਮੌਕੇ ਵਿਰਲਾਪ ਕਰਦੀ ਹੋਈ ਮਿ੍ਤਕ ਦੀ ਪਤਨੀ ਅਮਨਦੀਪ ਕੌਰ ਨੇ ਆਖਿਆ ਕਿ ਸਿਮਰਜੀਤ ਕੌਰ ਦੇ ਮੇਰੇ ਪਤੀ ਨਾਲ ਕਾਫ਼ੀ ਲੰਬੇ ਸਮੇਂ ਤੋਂ ਸੰਬੰਧ ਸਨ ਅਤੇ ਉਹ ਮੇਰੇ ਪਤੀ ਨੂੰ ਆਪਣੇ ਨਾਲ ਸ਼ਾਦੀ ਕਰਨ ਲਈ ਮਜ਼ਬੂਰ ਕਰਦੀ ਸੀ | ਉਕਤ ਔਰਤ ਮੇਰੇ ਪਤੀ ਦੇ ਕੋਲ ਜਗਰਾਉਂ ਜਿੱਥੇ ਉਹ ਕੰਮ ਕਰਦਾ ਸੀ, ਉੱਥੇ ਚਲੀ ਜਾਂਦੀ ਸੀ | ਮੈਂ ਜਦੋਂ ਆਪਣੇ ਸਹੁਰੇ ਫਿਰੋਜ਼ਪੁਰ ਗਈ ਹੋਈ ਸੀ ਤਾਂ ਕਿਸੇ ਸਾਜਿਸ਼ ਤਹਿਤ ਮੇਰੇ ਪਤੀ ਨੂੰ ਮਾਰ ਮੁਕਾ ਕੇ ਉਸ ਦੀ ਲਾਸ਼ ਨੂੰ ਘਰ ਵਿਚ ਟੰਗ ਦਿੱਤਾ | ਉਨ੍ਹਾਂ ਦੋਸ਼ ਲਗਾਇਆ ਕਿ ਸਿਮਰਜੀਤ ਕੌਰ ਅਤੇ ਉਸ ਦੇ ਨਾਲ ਆਏ ਹੋਰ ਲੋਕਾਂ ਨੇ ਹੀ ਇਹ ਸਭ ਕੁਝ ਕੀਤਾ ਹੋਵੇਗਾ | ਉਨ੍ਹਾਂ ਪੁਲਿਸ ਕੋਲੋਂ ਮੰਗ ਕੀਤੀ ਕਿ ਜਿਨ੍ਹਾਂ ਚਿਰ ਸਿਮਰਜੀਤ ਕੌਰ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਅਸੀਂ ਲਾਸ਼ ਦਾ ਸਸਕਾਰ ਨਹੀਂ ਕਰਾਂਗੇ | ਬਾਅਦ ਵਿਚ ਪਤਾ ਲੱਗਾ ਕਿ ਪੁਲਿਸ ਨੇ ਉਕਤ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਉਪਰੰਤ ਹੀ ਲੋਕਾਂ ਨੇ ਲਾਸ਼ ਨੂੰ ਪਾਸੇ ਕੀਤਾ |