ਗੁਰੂਸਰ ਸੁਧਾਰ, 2 ਜੂਨ (ਜਗਪਾਲ ਸਿੰਘ ਸਿਵੀਆਂ)-ਹਲਕਾ ਰਾਏਕੋਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਰਾਜਵਿੰਦਰ ਸਿੰਘ ਹਿੱਸੋਵਾਲ ਨੇ ਆਮ ਆਦਮੀ ਪਾਰਟੀ (ਆਪ) ਦੇ ਦਾਖਾ ਹਲਕਾ ਇੰਚਾਰਜ ਡਾ. ਕੰਵਲਨੈਨ ਸਿੰਘ ਕੰਗ 'ਤੇ ਦੋਸ਼ ਲਾਇਆ ਕਿ ਡਾ: ਕੰਗ ਨੇ ਸਿਆਸੀ ਪਹੁੰਚ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਦੀ ਜੱਦੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਥਾਣਾ ਦਾਖਾ ਵਿਖੇ ਉਨ੍ਹਾਂ ਵਿਰੁੱਧ ਝੂਠਾ ਤੇ ਮਨਘੜ੍ਹਤ ਪਰਚਾ ਦਰਜ ਕਰਵਾਇਆ | 'ਅਜੀਤ' ਨੂੰ ਰਾਜ ਮਾਰਗ ਨਾਲ ਲੱਗਦੀ ਆਪਣੀ ਜ਼ਮੀਨ ਅਤੇ ਇੰਚਾਰਜ ਕੰਗ ਵਲੋਂ ਆਪਣੀ ਟਰੱਸਟ ਦੀ ਜ਼ਮੀਨ ਦੀ ਹੱਦ 'ਤੇ ਕੀਤੀ ਕੰਧ ਅਤੇ ਥਮਲਿਆਂ ਨੂੰ ਦਿਖਾਉਂਾਦੇ ਜਥੇ: ਹਿੱਸੋਵਾਲ ਨੇ ਦੱਸਿਆ ਕਿ ਡਾ. ਕੰਗ ਵਲੋਂ ਆਪਣੀ ਇਸ ਹੱਦਬੰਦੀ ਤੋਂ ਅੱਗੇ ਆ ਕੇ ਉਨ੍ਹਾਂ ਦੀ ਜ਼ੱਦੀ ਜਮੀਨ ਜੋ ਕਿ 1980-85 ਦੌਰਾਨ ਉਨ੍ਹਾਂ ਦੇ ਪਿਤਾ ਨੇ ਖ਼ਰੀਦੀ ਸੀ, ਉਸ ਜ਼ਮੀਨ 'ਚ ਨਿਸ਼ਾਨਦੇਹੀ ਦੀ ਆੜ੍ਹ 'ਚ ਨਾਜਾਇਜ਼ ਖੰਬੇ ਗੱਡ ਕੇ ਨਜਾਇਜ਼ ਕਬਜ਼ੇ ਦੀ ਕੋਸ਼ਿਸ਼ ਕੀਤੀ | ਜਦੋਂ ਉਨ੍ਹਾਂ ਨੇ ਇਸ ਨਿਸ਼ਾਨਦੇਹੀ ਸਬੰਧੀ ਕਾਨੂੰਗੋ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਅਧਿਕਾਰੀ ਨੇ ਅਜਿਹੇ ਖੰਬੇ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ | ਇਸ ਤੋਂ ਬਾਅਦ 31 ਮਈ ਨੂੰ ਹਿੱਸੋਵਾਲ ਨੇ ਆਪਣੀ ਜ਼ਮੀਨ 'ਤੇ ਲੱਗੇ ਇਨ੍ਹਾਂ ਖੰਬਿਆਂ ਨੂੰ ਹਟਾ ਦਿੱਤਾ | ਜਿਸ ਤੋਂ ਬਾਅਦ ਡਾ: ਕੰਗ ਵਲੋਂ ਆਪਣੀ ਸੰਸਥਾ ਦੇ ਮੁਲਾਜ਼ਮ ਸਤਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਦੇਤਵਾਲ ਵਲੋਂ ਦਿਵਾਈ ਸ਼ਿਕਾਇਤ 'ਤੇ ਦਾਖਾ ਪੁਲਿਸ ਨੇ ਉਨ੍ਹਾਂ ਵਿਰੁੱਧ ਮੁਕੱਦਮਾ ਨੰਬਰ 96 ਅਧੀਨ ਬੀ.ਐੱਨ.ਐੱਸ. ਦੀਆਂ ਧਾਰਾਵਾਂ 303(2), 326(ੲ), 324(4) ਅਤੇ 3(5) ਅਧੀਨ ਪਰਚਾ ਦਰਜ ਕੀਤਾ | ਇਸ ਸੰਬੰਧੀ ਜਦੋਂ ਦਾਖਾ ਦੇ ਹਲਕਾ ਇੰਚਾਰਜ ਕੰਵਲਨੈਨ ਸਿੰਘ ਕੰਗ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਜ਼ਮੀਨ ਦੀ ਨਿਸ਼ਾਨਦੇਹੀ ਦੇ ਖੰਬੇ ਦਾਖਾ ਦੇ ਤਹਿਸੀਲਦਾਰ ਅਤੇ ਕਾਨੂੰਗੋ ਦੇ ਨੰਬਰਾਂ ਮੁਤਾਬਿਕ ਕੀਤੀ ਗਈ ਹੈ |