ਮੁੱਲਾਂਪੁਰ-ਦਾਖਾ, 2 ਜੂਨ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੀ ਅਗਵਾਈ ਹੇਠ ਅਧਿਆਪਕਾਂ ਲਈ ਨੈਸ਼ਨਲ ਕਰੀਕੁਲਮ ਫਰੇਮਵਰਕ ਨਾਲ ਸਬੰਧਿਤ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਉਚੇਚਾ ਪਹੁੰਚੇ ਰਿਸੋਰਸ ਪਰਸਨ ਸ੍ਰੀਮਤੀ ਮੈਰੀ ਐਂਟਨੀ ਸਿੰਘ ਅਤੇ ਪਿ੍ਅੰਕਾ ਬਰਾੜ ਦਾ ਪਿ੍ੰਸੀਪਲ ਡਾ: ਬਖਸ਼ੀ, ਹੋਰ ਅਧਿਆਪਕਾਂ ਨੇ ਭਰਵਾਂ ਸਵਾਗਤ ਕੀਤਾ | ਵਰਕਸ਼ਾਪ ਸਮੇਂ ਅਧਿਆਪਕਾਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਮੈਰੀ ਐਂਟਨੀ ਸਿੰਘ ਨੇ ਕਿਹਾ ਕਿ ਐੱਨ.ਸੀ.ਐੱਫ ਦਾ ਉਦੇਸ਼ ਅਧਿਆਪਕਾਂ ਨੂੰ ਅਕਾਦਮਿਕ ਤੌਰ 'ਤੇ ਬੱਚੇ ਅੰਦਰ ਨਿਖਾਰ ਲਿਆਉਣ ਲਈ ਜਾਗਰੂਕ ਕਰਨਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਮਜ਼ਬੂਤ ਬਣਾਉਣ ਲਈ ਆਪਣਾ ਯੋਗਦਾਨ ਦੇ ਸਕਣ | ਉਨ੍ਹਾਂ ਅਧਿਆਪਕਾਂ ਨੂੰ ਨਵੀਆਂ ਸਿੱਖਿਆ ਨੀਤੀਆਂ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਵਿਦਿਆਰਥੀ ਕੇਂਦਰਿਤ ਪੜ੍ਹਾਈ ਅਤੇ ਲਚਕਦਾਰ ਸਿਖਲਾਈ 'ਤੇ ਜ਼ੋਰ ਦਿੱਤਾ ਜਾਵੇ ਤਾਂ ਜੋ ਵਿਦਿਆਰਥੀ ਸੌਖੇ ਢੰਗ ਨਾਲ ਗੱਲ ਨੂੰ ਸਮਝ ਸਕੇ | ਮੈਡਮ ਪਿ੍ਅੰਕਾ ਨੇ ਬਰਾੜ ਕਿਹਾ ਕਿ ਸੀ.ਬੀ.ਐੱਸ.ਈ. ਦੁਆਰਾ ਲਗਾਈਆਂ ਜਾ ਰਹੀਆਂ ਵਰਕਸ਼ਾਪਾਂ ਨਾਲ ਅਧਿਆਪਕਾਂ ਦੇ ਬਹੁਪੱਖੀ ਵਿਕਾਸ ਵਿਚ ਵੀ ਵਾਧਾ ਹੁੰਦਾ ਹੈ ਅਤੇ ਉਹ ਪ੍ਰਭਾਵਸ਼ਾਲੀ ਢੰਗ ਨਾਲ ਐੱਨ.ਸੀ.ਐੱਫ. ਦੀਆਂ ਹਦਾਇਤਾਂ ਪ੍ਰਾਪਤ ਕਰਕੇ ਅਤੇ ਚੰਗੇ ਤਰੀਕੇ ਨਾਲ ਬੱਚਿਆਂ ਵਿਚ ਸਮੁੱਚੇ ਵਿਕਾਸ ਦੀ ਯੋਗਤਾ ਵਿਚ ਨਿਖਾਰ ਲਿਆ ਸਕਦੇ ਹਨ | ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਵਲੋਂ ਸੀ.ਬੀ.ਐੱਸ.ਈ. ਵਰਕਸ਼ਾਪ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅਧਿਆਪਕਾਂ ਲਈ ਇਹ ਵਰਕਸ਼ਾਪ ਬੇਹੱਦ ਸਹਾਈ ਬਣੇਗੀ |