ਹੰਬੜਾਂ, 1 ਸਤੰਬਰ (ਹਰਵਿੰਦਰ ਸਿੰਘ ਮੱਕੜ)- ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਡੇ ਹਿੱਸੇ 'ਚ ਭਿਆਨਕ ਹੜ੍ਹਾਂ ਨਾਲ ਵੱਡੀ ਗਿਣਤੀ 'ਚ ਲੋਕ ਘਰੋਂ ਬੇਘਰ ਹੋਏ ਹਨ ਤੇ ਕਈ ਆਪਣੀਆਂ ਜਾਨਾਂ ਬਚਾਉਣ ਲਈ ਘਰਾਂ ਦੀਆਂ ਛੱਤਾਂ ਉੱਪਰ ਰਹਿਣ ਲਈ ਮਜ਼ਬੂਰ ਹੋਏ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਮਿਲਣ ਵਾਲੀ ਸਹਾਇਤਾ ਦੀ ਉਡੀਕ ਕਰ ਰਹੇ ਹਨ ਪਰ ਦੋਵਾਂ ਸਰਕਾਰਾਂ ਜਾਂ ਪ੍ਰਸ਼ਾਸ਼ਨ ਵਲੋਂ ਇਸ ਸਥਿਤੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਰਿਹਾ, ਜੰਗੀ ਪੱਧਰ 'ਤੇ ਕੋਈ ਫੌਜ ਦੀ ਮਦਦ ਨਹੀਂ ਲਈ ਗਈ ਪਰ ਆਮ ਲੋਕ ਤੇ ਸਮਾਜ ਸੇਵੀ ਹੀ ਇਕ-ਦੂਜੇ ਦੀ ਮਦਦ ਲਈ ਅੱਗੇ ਆਏ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਡਾਇਰੈਕਟਰ ਮਨਜੀਤ ਸਿੰਘ ਹੰਬੜਾਂ ਤੇ ਪ੍ਰਧਾਨ ਗੁਰਮੀਤ ਸਿੰਘ ਪੁੜੈਣ ਨੇ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਵਲੋਂ ਹੋਰ ਲੀਡਰਾਂ ਸਮੇਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐੱਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਰਕਾਰਾਂ ਨੂੰ ਲਾਹਨਤਾਂ ਪਾਉਂਦਿਆਂ ਫੌਰੀ ਰਾਹਤ ਪਹੁੰਚਾਉਣ ਲਈ ਕਿਹਾ ਹੈ | ਇਸ ਮੌਕੇ ਡਾਇ: ਹੰਬੜਾਂ ਤੇ ਪ੍ਰਧਾਨ ਪੁੜੈਣ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਖਰਾਬ ਹੋਈਆਂ ਫਸਲਾਂ, ਘਰਾਂ ਦੇ ਨੁਕਸਾਨ ਤੇ ਹੋਰ ਜਾਨ-ਮਾਲ ਦੇ ਨੁਕਸਾਨ ਦੀ ਭਰਪਾਈ ਲਈ ਲੋਕਾਂ ਨੂੰ ਰਾਹਤ ਦੇਣ ਲਈ ਦੋਵੇਂ ਸਰਕਾਰਾਂ ਵਿਸ਼ੇਸ਼ ਪੈਕੇਜ਼ ਦਾ ਜਲਦ ਐਲਾਨ ਕਰਨ | ਇਸ ਸਮੇਂ ਆੜ੍ਹਤੀ ਮਨਜੀਤ ਸਿੰਘ, ਪ੍ਰਧਾਨ ਸੰਦੀਪ ਸਿੰਘ ਸੀਪਾ, ਪੰਚ ਜੀਤਾ ਪੁੜੈਣ, ਜੱਸੀ ਰੰਧਾਵਾ, ਹਰਮਨ ਪੰਨੂ, ਭੁਪਿੰਦਰ ਪੰਨੂ, ਹਰਪ੍ਰੀਤ ਨੂਰਾਂ, ਯੋਧਾ ਕੋਟਲੀ ਵੀ ਹਾਜ਼ਰ ਸਨ |