ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿਛਲੇ 2 ਮਹੀਨਿਆਂ ਤੋਂ ਸਫ਼ਾਈ ਨਾ ਹੋਣ ਕਾਰਨ ਚਰਚਾਵਾਂ ਦਾ ਵਿਸ਼ਾ ਬਣੀ ਰਾਏਕੋਟ ਡਰੇਨ 'ਚ ਬਰਸਾਤੀ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਦੇ ਪਿੰਡਾਂ ਤੇ ਸ਼ਹਿਰ ਵਾਸੀਆਂ ਵਿਚ ਡਰ ਦਾ ਮਾਹੌਲ ਬਣਿਆ | ਦੱਸਣਯੋਗ ਹੈ ਕਿ ਰਾਏਕੋਟ ਡਰੇਨ ਪੱਖੋਵਾਲ ਸਾਈਡ ਤੋਂ ਦਰਜਨਾਂ ਪਿੰਡਾਂ ਦਾ ਬਰਸਾਤੀ ਪਾਣੀ ਆਪਣੇ ਵਿਚ ਸਮਾਉਂਦੀ ਹੈ, ਜਿਸ ਵਿਚ ਬੂਟੀ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਾਰਨ ਪਿਛਲੇ 2 ਦਿਨਾਂ ਤੋਂ ਹੋ ਰਹੀ ਤੇਜ਼ ਬਰਸਾਤ ਕਾਰਨ ਡਰੇਨ ਓਵਰਫਲੋਅ ਹੋਣ ਕਿਨਾਰੇ ਆ ਗਈ ਹੈ, ਜਿਸ ਕਰਕੇ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਦੇ ਸਾਹ ਸੂਤੇ ਜਾ ਰਹੇ ਹਨ ਕਿ ਬਰਸਾਤੀ ਮੌਸਮ ਦੌਰਾਨ ਡਰੇਨ ਦਾ ਪਾਣੀ ਉਨ੍ਹਾਂ ਦੀਆਂ ਫ਼ਸਲਾਂ ਦਾ ਮਾਝੇ ਖੇਤਰ ਵਾਂਗ ਨੁਕਸਾਨ ਨਾ ਕਰ ਦੇਵੇ | ਇਸ ਮੌਕੇ ਪੱਤਰਕਾਰਾਂ ਨੂੰ ਮੌਕਾ ਦਿਖਾਉਂਦਿਆ ਬੀ.ਕੇ.ਯੂ. (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ ਨੇ ਨਗਰ ਕੌਂਸਲ ਰਾਏਕੋਟ ਨੂੰ ਅਪੀਲ ਕੀਤੀ ਕਿ ਰਾਏਕੋਟ ਸ਼ਹਿਰ ਦੇ ਬਾਹਰ-ਬਾਹਰ ਦੀ ਲੰਘਦੀ ਅਤੇ ਸ਼ਹਿਰ ਦਾ ਬਰਸਾਤੀ ਪਾਣੀ ਆਪਣੇ ਵਿਚ ਸਮੇਟਣ ਵਾਲੀ ਇਸ ਡਰੇਨ ਦੀ ਰਾਏਕੋਟ ਸ਼ਹਿਰੀ ਏਰੀਆ ਦੇ ਨਜ਼ਦੀਕ ਸਾਫ਼-ਸਫਾਈ ਕਰਵਾਈ ਜਾਵੇ | ਉਨ੍ਹਾਂ ਆਖਿਆ ਕਿ ਜੇਕਰ ਰਾਏਕੋਟ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਇਸ ਡਰੇਨ ਦੀ ਸਫ਼ਾਈ ਵੱਲ ਬਿਲਕੁੱਲ ਧਿਆਨ ਨਾ ਦਿੱਤਾ ਤਾਂ ਸ਼ਹਿਰ ਤੇ ਆਸਪਾਸ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਮੁੱਚੀ ਜ਼ਿੰਮੇਵਾਰੀ ਨਗਰ ਕੌਂਸਲ ਰਾਏਕੋਟ ਦੀ ਹੋਵੇਗੀ | ਜਦ ਇਸ ਮਾਮਲੇ ਸਬੰਧੀ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਡਰੇਨ ਦੀ ਅੱਜ ਹੀ ਮਸ਼ੀਨਰੀ ਰਾਹੀਂ ਸਫ਼ਾਈ ਕਰਵਾ ਦਿੱਤੀ ਜਾਵੇਗੀ ਤਾਂ ਜੋ ਬੂਟੀ ਰਾਹੀਂ ਲੱਗੀ ਰੋਕ ਨੂੰ ਹਟਾਇਆ ਜਾ ਸਕੇ | ਇਸ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਰੇਨ ਦੀ ਸਫ਼ਾਈ ਲਈ ਤਾਜਪੁਰ ਰੋਡ ਅਤੇ ਮਲੇਰਕੋਟਲਾ ਰੋਡ ਉੱਪਰ ਬਣੇ ਪੁਲਾਂ ਵਿਚ ਬੂਟੀ ਨੂੰ ਕੱਢ ਕੇ ਸਫ਼ਾਈ ਕੀਤੀ ਜਾ ਰਹੀ ਹੈ |