ਲੋਹਟਬੱਦੀ, 1 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਕੇਂਦਰ ਦੀ ਭਾਜਪਾ ਸਰਕਾਰ ਆਪਣੀਆਂ ਚਾਲਾਂ ਰਾਹੀਂ ਪੰਜਾਬ ਨੂੰ ਦਬਾਉਣ ਲਈ ਚਾਲਾਂ ਖੇਡ ਰਹੀ ਹੈ ਜਦਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਭਾਜਪਾ ਦੇ ਪੰਜਾਬ ਪ੍ਰਤੀ ਮੰਦ ਭਾਵਨਾ ਵਾਲੇੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਵੇਗੀ | ਮੌਜੂਦਾ ਸਮੇਂ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਆ ਚੁੱਕਾ ਹੈ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਆਮ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਕੇਂਦਰ ਦੀ ਸਰਕਾਰ ਪੰਜਾਬ ਨੂੰ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਣ ਦੇ ਸਬੰਧ 'ਚ ਵਿਸ਼ੇਸ਼ ਪੈਕੇਜ ਦੇਣ ਪੱਖੋਂ ਚੁੱਪੀ ਧਾਰੀ ਬੈਠੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਠੇਕੇਦਾਰ ਹਾਕਮ ਸਿੰਘ ਵਿਧਾਇਕ ਹਲਕਾ ਰਾਏਕੋਟ ਨੇ ਕੀਤਾ | ਉਨ੍ਹਾਂ ਨਾਲ ਅੰਮਿ੍ਤਪਾਲ ਸਿੰਘ ਹੈਪੀ ਬੜੂੰਦੀ ਅਤੇ ਜਗਪ੍ਰੀਤ ਸਿੰਘ ਜੱਗੀ ਸਰਪੰਚ ਤੁੰਗਾਹੇੜੀ ਨੇ ਕਿਹਾ ਕਿ ਕੇਂਦਰ ਵਲੋਂ ਪੰਜਾਬ ਦੇ ਕੌਮੀ ਅੰਨ ਸੁਰੱਖਿਆ ਕਾਨੂੰਨ ਅਧੀਨ ਵੰਡੇ ਜਾ ਰਹੇ ਮੁਫ਼ਤ ਰਾਸ਼ਨ ਵਾਲੇ ਕਾਰਡਾਂ 'ਚ 55 ਲੱਖ ਦੇ ਕਰੀਬ ਪਰਿਵਾਰਾਂ ਮੂੰਹੋਂ ਅਨਾਜ ਖੋਹਣ ਜਾ ਰਹੀ ਹੈ ਜੋ ਕਿ ਗਰੀਬ ਵਰਗ ਨਾ ਸਰਾਸਰ ਧੱਕਾ ਹੈ | ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਲਈ ਸੀਮਤ ਸਾਧਨਾਂ ਨਾਲ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਵੀ ਕੀਤਾ |