ਹੰਬੜਾਂ, 2 ਸਤੰਬਰ (ਮੇਜਰ ਹੰਬੜਾਂ)-ਹੜ੍ਹਾਂ ਵਰਗੀ ਸਥਿਤੀ 'ਚ ਸਤਲੁਜ ਦਰਿਆ 'ਚ ਪਾਣੀ ਦੇ ਵਧੇ ਪੱਧਰ ਨਾਲ ਬੁੱਢਾ ਨਾਲਾ ਓਵਰਫਲੋਅ ਹੋਣ ਕਰਕੇ ਲੁਧਿਆਣਾ ਸ਼ਹਿਰ ਦੇ ਕਈ ਮੁਹੱਲਿਆਂ 'ਚ ਪਾਣੀ ਭਰ ਜਾਣ ਨਾਲ ਲੁਧਿਆਣਾ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ | ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਸ਼ਹਿਰ ਨੂੰ ਬਚਾਉਣ ਲਈ ਚੁੱਪ-ਚਪੀਤੇ ਹਲਕਾ ਦਾਖਾ ਦੇ ਪਿੰਡ ਵਲੀਪੁਰ ਕਲਾਂ ਲਾਗੇ ਬੁੱਢੇ ਨਾਲੇ ਦਾ ਬੰਨ੍ਹ ਤੋੜ ਦੇਣਾ ਉਚਿਤ ਸਮਝਿਆ, ਇਸ ਬਾਰੇ ਜਦ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਵਲੀਪੁਰ ਕਲਾਂ ਬੁੱਢੇ ਨਾਲਾ ਪੁਲ 'ਤੇ ਇਕੱਠੇ ਹੋ ਕੇ ਬੰਨ੍ਹ ਤੋੜੇ ਜਾਣ ਦਾ ਵਿਰੋਧ ਕਰਨ ਲੱਗੇ, ਨਾਲ ਹੀ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਰਾਤ ਦੇ ਹਨੇਰੇ 'ਚ ਆਪਣੇ ਲੋਕਾਂ ਨਾਲ ਆ ਖੜ੍ਹਾ ਹੋਇਆ | ਐੱਮ.ਐੱਲ.ਏ. ਇਯਾਲੀ ਨੇ ਵਰ੍ਹਦੇ ਮੀਂਹ 'ਚ ਬੁੱਢੇ ਨਾਲੇ ਦੇ ਕਿਨਾਰੇ ਖੜ੍ਹ ਕੇ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਫ਼ੋਨ ਲਗਾਇਆ ਕਿ ਜੇਕਰ ਬੁੱਢਾ ਨਾਲਾ ਓਵਰਫਲੋਅ ਹੋਣ ਨਾਲ ਸ਼ਹਿਰੀ ਖੇਤਰ ਦਾ ਨੁਕਸਾਨ ਹੋ ਸਕਦਾ ਤਾਂ ਵਲੀਪੁਰ ਨੇੜੇ ਬੰਨ੍ਹ ਤੋੜ ਕੇ ਦੂਹਰਾ ਨੁਕਸਾਨ ਨਾ ਕਰੀਏ, ਅਜਿਹਾ ਹੋਣ ਨਾਲ ਜਿੱਥੇ 50 ਪਿੰਡ ਪਾਣੀ 'ਚ ਘਿਰ ਜਾਣਗੇ, ਉੱਥੇ ਫ਼ਸਲਾਂ ਦਾ ਨੁਕਸਾਨ ਹੋਵੇਗਾ | ਇਯਾਲੀ ਦੇ ਸੁਝਾਅ ਉਪਰੰਤ ਡਿਪਟੀ ਕਮਿਸ਼ਨਰ ਨੇ ਸੰਕੇਤ ਦਿੱਤਾ ਕਿ ਅਜਿਹਾ ਨਹੀਂ ਕੀਤਾ ਜਾਵੇਗਾ | ਰਾਤ ਦੇ ਹਨੇਰੇ 'ਚ ਆਪਣੇ ਲੋਕਾਂ ਨਾਲ ਆਣ ਖੜ੍ਹੇ ਐੱਮ.ਐੱਲ.ਏ ਇਯਾਲੀ ਵਲੋਂ ਬੰਨ੍ਹ ਤੋੜੇ ਜਾਣ ਨੂੰ ਰੋਕ ਦੇਣ ਵਾਲੀ ਕਾਰਵਾਈ ਦੀ ਇਲਾਕੇ ਦੇ ਲੋਕਾਂ ਗੁਰਮੀਤ ਸਿੰਘ ਧਾਲੀਵਾਲ, ਜਗਜੀਵਨ ਸਿੰਘ ਝੱਜ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਮੈਂਬਰ ਭਗਵੰਤ ਸਿੰਘ ਹਾਂਸ, ਜਗਜੀਤ ਸਿੰਘ ਖਹਿਰਾ ਤੇ ਹੋਰਨਾਂ ਨੇ ਪ੍ਰਸੰਸਾ ਕੀਤੀ |