ਰਾਏਕੋਟ, 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਲਾਗਿਉਂ ਲੰਘਦੀ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਵਾਲੀ ਡਰੇਨ ਦੇ ਸਥਾਨਕ ਤਾਜਪੁਰ ਰੋਡ 'ਤੇ ਸਥਿਤ ਪੁਲ ਲਾਗੇ ਘਾਹ-ਫੂਸ ਤੇ ਗਾਜਰ ਬੂਟੀ ਕਾਰਨ ਕਾਫ਼ੀ ਪਾਣੀ ਇਕੱਠਾ ਹੋ ਗਿਆ ਅਤੇ ਸਫ਼ਾਈ ਨਾ ਹੋਣ 'ਤੇ ਡਰੇਨ ਦੇ ਓਵਰਫਲੋਅ ਹੋਣ ਦਾ ਡਰ ਬਣਿਆ ਹੋਇਆ ਸੀ | ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਵਿਧਾਇਕ ਠੇਕਦਾਰ ਹਾਕਮ ਸਿੰਘ ਨੇ ਆਪਣੀ ਟੀਮ ਨਾਲ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੌਕੇ 'ਤੇ ਜੇ.ਸੀ.ਬੀ ਮਸ਼ੀਨ ਮੰਗਵਾ ਕੇ ਡਰੇਨ ਦੀ ਸਫ਼ਾਈ ਦਾ ਕੰਮ ਆਰੰਭ ਕਰਵਾਇਆ | ਉਨ੍ਹਾਂ ਦੱਸਿਆ ਕਿ ਸਰਕਾਰ ਤੇ ਡਰੇਨ ਵਿਭਾਗ ਨੇ ਬਰਸਾਤੀ ਮੌਸਮ ਨੂੰ ਦੇਖਦਿਆਂ ਡਰੇਨ ਦੀ ਸਫ਼ਾਈ ਕਰਵਾ ਦਿੱਤੀ ਸੀ, ਪਰ ਜ਼ਿਆਦਾ ਮੀਂਹ ਪੈਣ ਕਾਰਨ ਇਹ ਬੂਟੀ ਦੁਬਾਰਾ ਆ ਗਈ, ਜਿਸ ਕਾਰਨ ਪਾਣੀ ਦੀ ਨਿਕਾਸੀ 'ਚ ਰੁਕਾਵਟ ਪੈਣ ਕਾਰਨ ਇੱਥੇ ਪਾਣੀ ਜਮ੍ਹਾਂ ਹੋਣ 'ਤੇ ਡਰੇਨ ਓਵਰਫਲੋਅ ਹੋ ਕੇ ਰਾਏਕੋਟ ਸ਼ਹਿਰ 'ਚ ਪਾਣੀ ਨਾਲ ਨੁਕਸਾਨ ਹੋ ਸਕਦਾ ਸੀ | ਇਸ ਨੂੰ ਦੇਖਦਿਆਂ ਉਨ੍ਹਾਂ ਤੁਰੰਤ ਇਸ ਡਰੇਨ ਦੀ ਸਫ਼ਾਈ ਕਰਵਾ ਕੇ ਪਾਣੀ ਦੇ ਵਹਾਅ ਨੂੰ ਚਾਲੂ ਕਰਵਾਇਆ ਹੈ, ਬਲਕਿ ਇਸ ਡਰੇਨ ਦੇ ਰਾਏਕੋਟ ਇਲਾਕੇ ਵਿਚਲੇ ਸਾਰੇ ਪੁਲਾਂ 'ਤੇ ਚੰਗੀ ਤਰ੍ਹਾਂ ਸਫ਼ਾਈ ਕਰਵਾਉਣ ਤੇ ਨਿਗਰਾਨੀ ਰੱਖਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ | ਇਸ ਮੌਕੇ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਪੀ.ਏ. ਕਮਲ ਸੁਖਾਣਾ, ਜੱਸ ਸਿੰਘ ਹਲਵਾਰਾ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ, ਗੁਰਪਾਲ ਸਿੰਘ ਜੰਡ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸ਼ਿੰਦਾ ਸਿੰਘ ਕਲਸੀਆਂ, ਸੁਖਵਿੰਦਰ ਸਿੰਘ ਮਹੇਰਨਾ, ਅਵਤਾਰ ਸਿੰਘ, ਕਾਕਾ ਪੰਡਿਤ, ਮਨਇੰਦਰ ਸਿੰਘ ਆਦਿ ਹਾਜ਼ਰ ਸਨ |