ਹੰਬੜਾਂ, 22 ਸਤੰਬਰ (ਮੇਜਰ ਹੰਬੜਾਂ)-ਪਿਛਲੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਸੂਬੇ ਭਰ 'ਚ ਸੜਕਾਂ ਦਾ ਭਾਰੀ ਨੁਕਸਾਨ ਹੋਇਆ, ਉੱਥੇ ਸਿੱਧਵਾਂ ਬੇਟ ਵਾਇਆ ਹੰਬੜਾਂ ਲੁਧਿਆਣਾ ਸੜਕ 'ਚ ਪਏ ਡੂੰਘੇ ਖੱਡਿਆਂ ਕਾਰਨ ਰੋਜ਼ਾਨਾਂ ਹੀ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਰਹੇ ਹਨ, ਪਰ ਪੀ.ਡਬਲਿਯੂ.ਡੀ. ਮਹਿਕਮਾ ਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ | ਇਹ ਪ੍ਰਗਟਾਵਾ ਆਗੂ ਗੁਰਮੀਤ ਸਿੰਘ ਧਾਲੀਵਾਲ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਗਿੱਲ ਨੇ ਸੜਕ 'ਚ ਮੀਂਹ ਕਾਰਨ ਪਏ ਡੂੰਘੇ ਖੱਡੇ ਦਿਖਾਉਂਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪਿੰਡ ਭੱਠਾਧੂਹਾ, ਹੰਬੜਾਂ, ਸਲੇਮਪੁਰ, ਫਾਗਲਾ, ਬਸੈਮੀ ਪਿੰਡਾਂ ਦੇ ਲਾਗੇ ਸੜਕ ਟੁੱਟਣ ਕਾਰਨ ਜਿੱਥੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਰੋਜ਼ਾਨਾਂ ਹੀ ਸੜਕ ਤੋਂ ਗੁਜ਼ਰਨ ਵਾਲੇ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਰਹੇ ਹਨ ਤੇ ਲੋਕਾਂ ਦੀਆਂ ਲੱਤਾਂ ਬਾਹਾਂ ਟੁੱਟਣ ਦੇ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲਾਂ 'ਚ ਭਰਤੀ ਕਰਵਾਉਣਾ ਪੈ ਰਿਹਾ ਹੈ, ਪਰ ਪੀ.ਡਬਲਿਯੂ.ਡੀ ਮਹਿਕਮਾਂ ਇਨ੍ਹਾਂ ਟੁੱਟ ਚੁੱਕੀਆਂ ਸੜਕਾਂ ਦੀ ਸਾਰ ਲੈਣਾ ਭੁੱਲ ਚੁੱਕਾ ਹੈ, ਜਦੋਂ ਕਿ ਉਕਤ ਸੜਕ ਆਪਣੀ ਮੁਨਿਆਦ ਪੂਰੀ ਕਰ ਚੁੱਕੀ ਹੈ ਤੇ ਸੜਕ ਨੂੰ ਨਵੇਂ ਸਿਰੇ ਤੋਂ ਬਣਾਏ ਜਾਣਾ ਚਾਹੀਦਾ ਹੈ | ਭਾਜਪਾ ਆਗੂ ਜਗਦੇਵ ਸਿੰਘ ਸੋਨੀ ਧਾਲੀਵਾਲ ਅਤੇ ਬਿਜਲੀ ਕਰਮਚਾਰੀ ਜਗਜੀਤ ਸਿੰਘ ਰਿੰਕੂ ਭੱਠਾਧੂਹਾ ਜੋ ਕਿ ਰੋਜ਼ਾਨਾ ਇਸੇ ਸੜਕ ਤੋਂ ਗੁਜ਼ਰਦੇ ਹਨ ਨੇ ਕਿਹਾ ਕਿ ਹੁਣ ਇਹ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਆਏ ਦਿਨ ਲੋਕ ਜ਼ਖ਼ਮੀ ਹੋ ਰਹੇ ਹਨ, ਜਿਸ ਨੂੰ ਦੇਖਦੇ ਮਹਿਕਮੇਂ ਨੂੰ ਤੁਰੰਤ ਉਕਤ ਸੜਕ ਨੂੰ ਬਣਾਏ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੰਬੜਾਂ ਤੋਂ ਮੁੱਲਾਂਪੁਰ ਨੂੰ ਜੋੜਦੀ ਸੜਕ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ ਤੇ ਇਹ ਦੋਵੇਂ ਸੜਕਾਂ ਹੁਣ ਪੀ.ਡਬਲਿਯੂ.ਡੀ ਮਹਿਕਮੇ ਦੇ ਅੰਡਰ ਆਉਂਦੀਆਂ ਹਨ, ਜਿਸ ਪਾਸੇ ਮਹਿਕਮੇ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਲੋਕਾਂ ਨੂੰ ਖਸਤਾ ਹਾਲਤ ਸੜਕ ਕਾਰਨ ਵਾਪਰ ਰਹੇ ਹਾਦਸਿਆਂ ਤੋਂ ਬਚਾਇਆ ਜਾ ਸਕੇ | ਇਸ ਸਬੰਧੀ ਸਰਪ੍ਰਸਤ ਤੇਜਾ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ ਨੇ ਕਿਹਾ ਕਿ ਜੇਕਰ ਪੀ.ਡਬਲਿਯੂ ਮਹਿਕਮੇ ਇਹ ਸੜਕਾਂ ਦੀ ਹਾਲਤ ਨਾ ਸੁਧਾਰੀ ਤਾਂ ਹੰਬੜਾਂ-ਲੁਧਿਆਣਾ ਮੁੱਖ ਮਾਰਗ 'ਤੇ ਧਰਨਾ ਲਗਾ ਕੇ ਸਰਕਾਰ ਤੇ ਪੀ.ਡਬਲਿਯੂ.ਡੀ. ਮਹਿਕਮੇ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾਵੇਗਾ |
ਹੰਬੜਾਂ ਤੋਂ ਲੁਧਿਆਣਾ ਸੜਕ 'ਚ ਪਏ ਡੂੰਘੇ ਖੱਡਿਆਂ ਤੋਂ ਲੋਕ ਪ੍ਰੇਸ਼ਾਨ • ਖੱਡਿਆਂ ਕਾਰਨ ਰੋਜ਼ਾਨਾ ਲੋਕ ਹੋ ਰਹੇ ਹਨ ਗੰਭੀਰ ਰੂਪ 'ਚ ਜ਼ਖ਼ਮੀ-ਧਾਲੀਵਾਲ/ਗਿੱਲ
ਅਜੀਤ ਡੈਸਕ
23-09-2025