ਹਠੂਰ, 22 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਅੱਜ ਪਿੰਡ ਲੱਖਾ ਵਿਖੇ ਇਕ ਗਰੀਬ ਦਲਿਤ ਪਰਿਵਾਰ ਨਾਲ ਕੀਤੇ ਧੱਕੇ ਖਿਲਾਫ਼ ਰੋਸ ਧਰਨਾ ਲਾਇਆ ਗਿਆ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਲੱਖਾ ਦੇ ਇਕ ਵਿਅਕਤੀ ਵਲੋਂ ਇਸੇ ਪਿੰਡ ਦੇ ਹੀ ਦਲਿਤ ਗਰੀਬ ਪਰਿਵਾਰ ਬਜ਼ੁਰਗ ਜੋੜੇ ਗੁਰਮੇਲ ਸਿੰਘ ਤੇ ਸਿਮਲੋ ਕੌਰ ਦੇ ਬਾਲਣ ਨੂੰ ਅੱਗ ਲਾਉਣ ਅਤੇ ਪਿੰਡ 'ਚੋਂ ਲੰਘਦੀ ਸੜਕ ਕਿਨਾਰੇ ਲੱਗੇ ਦਰੱਖਤਾਂ ਨੂੰ ਵੱਢਣ ਤੋਂ ਰੋਕਣ ਕਾਰਨ 'ਤੇ ਉਨ੍ਹਾਂ ਦੀ ਕੁੱਟਮਾਰ ਕਰਨ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲਦ ਦੇ ਦੋਸ਼ ਲਾਉਂਦਿਆਂ ਕਿਹਾ ਕਿ ਬਜ਼ੁਰਗ ਜੋੜੇ ਦੇ ਲੱਗੀਆਂ ਸੱਟਾਂ ਦੀ ਤਕਲੀਫ਼ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਹਠੂਰ ਅਤੇ ਜਗਰਾਉਂ ਦਾਖ਼ਲ ਰਹਿਣਾ ਪਿਆ | ਪਰ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਨੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਅਤੇ ਦਲਿਤ ਗਰੀਬ ਪਰਿਵਾਰ ਨੂੰ ਫਸਾਉਣ ਲਈ ਆਪਣੇ ਹੱਥ ਦੀ ਉਂਗਲੀ 'ਤੇ ਤਿੱਖੀ ਚੀਜ਼ ਨਾਲ ਜਾਅਲੀ ਸੱਟ ਮਾਰ ਕੇ ਸਰਕਾਰੀ ਹਸਪਤਾਲ ਦਾਖਲ ਹੋਣ ਦੇ ਦੋਸ਼ ਵੀ ਲਾਏ ਹਨ | ਉਨ੍ਹਾਂ ਕਿਹਾ ਕਿ ਹਠੂਰ ਪੁਲਿਸ ਨੇ ਇਸ ਮਾਮਲੇ 'ਚ ਬਿਨ੍ਹਾਂ ਜਾਂਚ ਕੀਤੇ ਹੀ ਪੱਖਪਾਤ ਕਰਦਿਆਂ ਪੀੜਤ ਬਜ਼ੁਰਗ ਜੋੜੇ ਦੇ ਗੁਆਂਢੀ ਸਾਬਕਾ ਸਰਪੰਚ ਪਰਮਜੀਤ ਸਿੰਘ ਜਿਸ ਦਾ ਇਸ ਰੌਲੇ ਨਾਲ ਕੋਈ ਸਬੰਧ ਨਹੀਂ, ਬਜ਼ੁਰਗ ਗੁਰਮੇਲ ਸਿੰਘ ਅਤੇ ਉਸ ਦੇ ਲੜਕੇ ਜਸਪਾਲ ਸਿੰਘ ਉੱਪਰ 118 (1), 3 (5) ਬੀ.ਐੱਨ.ਐੱਸ ਤਹਿਤ ਝੂਠਾ ਪਰਚਾ ਦਰਜ ਕਰ ਦੇਣ ਦੇ ਵੀ ਦੋਸ਼ ਲਾਏ ਹਨ | ਜਿਸ 'ਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੀ ਜਥੇਬੰਦੀ ਨੇ ਉਕਤ ਵਿਰੋਧੀ ਧਿਰ ਅਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਅੱਜ ਧਰਨਾ ਦਿੱਤਾ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐੱਸ.ਐੱਸ.ਪੀ. (ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ) ਜਗਰਾਉਂ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਪੜਤਾਲ ਕਰਕੇ ਝੂਠਾ ਕੇਸ ਵਾਪਸ ਲਿਆ ਜਾਵੇ | ਉਨ੍ਹਾਂ ਦੱਸਿਆ ਕਿ ਦਲਿਤ ਗਰੀਬ ਬਜ਼ੁਰਗ ਜੋੜੇ ਉਪਰ ਹੋਏ ਅੱਤਿਆਚਾਰ ਤੋਂ ਬਾਅਦ ਹਠੂਰ ਪੁਲਿਸ ਦੇ ਪੱਖਪਾਤੀ ਵਤੀਰੇ ਕਾਰਨ ਹੋਈ ਘੋਰ ਬੇਇਨਸਾਫ਼ੀ ਦੇ ਇਨਸਾਫ਼ ਲਈ ਭਲਕੇ ਜਥੇਬੰਦੀ ਦਾ ਵਫ਼ਦ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨੂੰ ਮਿਲੇਗਾ | ਇਸ ਸਬੰਧ 'ਚ ਪੁਲਿਸ ਥਾਣਾ ਹਠੂਰ ਦੇ ਮੁਖੀ ਐੱਸ.ਐੱਚ.ਓ. ਕੁਲਜਿੰਦਰ ਸਿੰਘ ਗਰੇਵਾਲ ਨੇ 'ਅਜੀਤ' ਨੂੰ ਦੱਸਿਆ ਕਿ ਉਕਤ ਪਰਚਾ ਡਾਕਟਰਾਂ ਵਲੋਂ ਕੱਟੀ ਐੱਮ.ਐੱਲ.ਆਰ ਦੇ ਆਧਾਰ 'ਤੇ ਕੀਤਾ ਗਿਆ ਹੈ ਅਤੇ ਦੋਵੇਂ ਧਿਰਾਂ ਵਲੋਂ ਹੀ ਇਕ ਦੂਜੇ ਉੱਪਰ ਬਣਦੀ ਕਾਰਵਾਈ ਕੀਤੀ ਹੈ |