ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਜਤਿੰਦਰ ਸਿੰਘ ਈਸੜੂ, ਬੂਟਾ ਸਿੰਘ ਰਣਸੀਂਹ ਕਲਾਂ, ਰਜੀਵ ਸਿੰਘ, ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ, ਸੁਤੰਤਰ ਅਕਾਲੀ ਦਲ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਬਾਬਾ ਸੁਖਦੇਵ ਸਿੰਘ ਨਾਨਕਸਰ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਰੇਸ਼ਮ ਸਿੰਘ ਖੁਖਰਾਣਾ ਦਮਦਮੀ ਟਕਸਾਲ, ਬਾਬਾ ਚਮਕੌਰ ਸਿੰਘ ਪੰਜਗਰਾਈ ਵਲੋਂ ਸਮੁੱਚੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਅੰਦਰ ਜ਼ਿਮਨੀ ਚੋਣ ਲਈ ਪੰਥਕ ਚਿਹਰਾ ਭਾਈ ਸੰਦੀਪ ਸਿੰਘ ਨੂੰ ਸਾਂਝਾ ਉਮੀਦਵਾਰ ਐਲਾਨਿਆ ਜਾਵੇ | ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਬੋਲ ਪੁਗਾ ਗਿਆ ਬੰਦੀ ਸਿੰਘ ਭਾਈ ਸੰਦੀਪ ਸਿੰਘ ਮਾਝਾ ਪੱਟੀ ਦੇ ਵੋਟਰਾਂ ਦੀ ਵੋਟ ਦਾ ਅਸਲ ਹੱਕਦਾਰ ਹੈ | ਗੁਰਦੀਪ ਸਿੰਘ ਨੇ ਕਿਹਾ ਕਿ ਹਰ ਸਿੱਖ ਵਲੋਂ ਆਪਸੀ ਏਕਤਾ ਨਾਲ ਵੋਟ ਤਾਕਤ ਰਾਹੀਂ ਭਾਈ ਸੰਦੀਪ ਸਿੰਘ ਨੂੰ ਵਿਧਾਇਕ ਚੁਣ ਲਿਆ ਜਾਂਦਾ ਤਾਂ ਉਸ ਦਾ ਜੇਲ੍ਹ ਦੀਆਂ ਸਲਾਖਾਂ 'ਚੋਂ ਬਾਹਰ ਆਉਣਾ ਅਸਾਨ ਬਣ ਸਕਦਾ | ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਤਰਨਤਾਰਨ ਜ਼ਿਮਨੀ ਚੋਣ ਲਈ ਭਾਈ ਸੰਦੀਪ ਸਿੰਘ ਨੂੰ ਸਰਬ ਸਾਂਝਾ ਉਮੀਦਵਾਰ ਐਲਾਨੇ ਜਾਣ ਬਾਰੇ ਉਨ੍ਹਾਂ ਦੀ ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਵੀ ਗੱਲਬਾਤ ਹੋਈ, ਉਨ੍ਹਾਂ ਸੰਦੀਪ ਸਿੰਘ ਦੇ ਨਾਂਅ 'ਤੇ ਸਹਿਮਤੀ ਪ੍ਰਗਟਾਈ |