ਜਗਰਾਉਂ, 23 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਰੇਹੜ੍ਹੀ-ਫੜ੍ਹੀ ਯੂਨੀਅਨ ਜਗਰਾਉਂ ਦਾ ਇਕ ਵਫ਼ਦ ਕਾਰਜਸਾਧਕ ਅਧਿਕਾਰੀ ਜਗਰਾਉਂ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ | ਵਫ਼ਦ ਨੇ ਸਟਰੀਟ ਵੈਂਡਰਾਂ ਨੂੰ ਆਉਂਦੀਆਂ ਸਮੱਸਿਆਵਾਂ ਪ੍ਰਤੀ ਕਾਰਜਸਾਧਕ ਅਧਿਕਾਰੀ ਨੂੰ ਜਾਣੂ ਕਰਵਾਇਆ | ਯੂੁਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਟਰੀਟ ਵੈਂਡਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਕੋਲ ਸਿਰਫ਼ ਲਗਭਗ 858 ਸਟਰੀਟ ਵੈਂਡਰਾਂ ਨੇ ਲਾਇਸੰਸ ਬਣਾਵਾਏ ਹਨ, ਜਦ ਕਿ ਇਸ ਤੋਂ ਕੋਈ ਕਰੀਬ ਤਿੰਨ ਗੁਣਾ ਜਗਰਾਉਂ ਸ਼ਹਿਰ ਦੀਆਂ ਵੱਖ-ਵੱਖ ਸੜਕ 'ਤੇ ਰੇਹੜ੍ਹੀ-ਫੜੀ ਵਾਲੇ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁਝ ਰਸੂਖਵਾਨਾਂ ਦੀ ਛਤਰ-ਛਾਇਆ ਹੇਠ ਚੱਲ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਾਨੂੰ ਕਮੇਟੀ ਵਲੋਂ ਨਿਰਧਾਰਿਤ ਕੀਤੀਆਂ ਥਾਂਵਾਂ 'ਤੇ ਭੇਜਿਆ ਜਾਵੇ ਪਰ ਸਹੂਲਤਾਂ ਸਟਰੀਟ ਵੈਂਡਰ ਐਕਟ ਅਨੁਸਾਰ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਕਮੇਟੀ ਲਾਇਸੰਸ ਵੀ ਉਸ ਗਿਣਤੀ ਵਿਚ ਬਣਾਵੇ ਜਿੰਨੀ ਜ਼ਰੂਰਤ ਹੋਵੇ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਵੀ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾ ਕੇ ਆਏ ਹਨ | ਇਸ ਮੌਕੇ ਕਾਰਜਸਾਧਕ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਰੇਹੜ੍ਹੀ-ਫੜ੍ਹੀ ਯੂਨੀਅਨ ਦੇ ਆਗੂਆਂ ਨੇ ਕਮੇਟੀ ਵਲੋਂ ਨਿਰਧਾਰਿਤ ਕੀਤੀਆਂ ਚਾਰ ਥਾਂਵਾਂ 'ਤੇ ਜਾਣ ਦੀ ਸਹਿਮਤੀ ਪ੍ਰਗਟਾਈ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਬਿਨ੍ਹਾਂ ਲਾਇਸੰਸ ਤੋਂ ਕੋਈ ਵੀ ਸਟਰੀਟ ਵੈਂਡਰ ਰੇਹੜ੍ਹੀ-ਫੜ੍ਹੀ ਨਹੀਂ ਲਗਵਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਲਾਇਸੰਸ ਨਹੀਂ ਬਣੇ, ਉਹ ਇਕ ਹਫ਼ਤੇ ਦੇ ਅੰਦਰ ਅੰਦਰ ਲਾਇਸੰਸ ਬਣਵਾਉਣ | ਇਸ ਤੋਂ ਬਾਅਦ ਬਿਨ੍ਹਾਂ ਲਾਇਸੰਸ ਵਾਲੇ ਸਟਰੀਟ ਵੈਂਡਰਾਂ ਦਾ ਸਾਮਾਨ ਅਤੇ ਸਾਧਨ ਜ਼ਬਤ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਜਿਨ੍ਹਾਂ ਚਾਰ ਥਾਂਵਾਂ 'ਤੇ ਸਟਰੀਟ ਵੈਂਡਰਾਂ ਨੂੰ ਭੇਜਿਆ ਜਾਵੇਗਾ, ਉਥੇ ਬਿਜਲੀ, ਪਾਣੀ, ਸਫ਼ਾਈ ਅਤੇ ਹੋਰ ਮੁੱਢਲੀ ਸਹੂਲਤਾਂ ਦਾ ਪ੍ਰਬੰਧ ਮੁਕੰਮਲ ਕੀਤਾ ਜਾਵੇਗਾ | ਇਸ ਮੌਕੇ ਬਲਬੀਰ ਸਿੰਘ ਬੀਰਾ, ਹੈਪੀ ਜੁਨੇਜਾ, ਸੰਨੀ ਕੁਮਾਰ, ਆਲਮ, ਸਾਜਿਦ ਅਲੀ, ਬਿੰਦਰ ਸਿੰਘ, ਧਰਮਿੰਦਰ ਸਿੰਘ, ਪੰਕਜ ਕੁਮਾਰ, ਟਿੰਕੂ ਕੁਮਾਰ, ਮਹਾਂਦੇਵ ਆਦਿ ਹਾਜ਼ਰ ਸਨ |