ਸਿੱਧਵਾਂ ਬੇਟ, 24 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲੋਕ ਹੱਕਾਂ ਦੀ ਹਮੇਸ਼ਾ ਗੱਲ ਕਰਨੇ ਵਾਲੇ ਸਮਾਜ ਸੇਵੀ ਭਾਨਾ ਸਿੱਧੂ ਨੇ ਅੱਜ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਨਜ਼ਦੀਕ ਜਗਰਾਉਂ-ਨਕੋਦਰ ਮਾਰਗ 'ਤੇ ਬਣੇ ਰੋਹਿਨ-ਰਾਜਦੀਪ ਟੋਲ ਪਲਾਜ਼ਾ 'ਤੇ ਪਿਛਲੇ ਦਿਨਾਂ ਤੋਂ ਲਗਾਏ ਜਾ ਰਹੇ ਧਰਨੇ ਦੇ ਛੇਵੇਂ ਦਿਨ ਹਾਜ਼ਰੀ ਭਰ ਕੇ ਮਾਨ ਸਰਕਾਰ ਨੂੰ ਰਗੜੇ ਲਾਏ | ਉਨ੍ਹਾਂ ਇਸ ਮੌਕੇ ਸਰਕਾਰ ਦੀ ਕਰੜੀ ਅਲੋਚਨਾ ਕਰਦੇ ਹੋਏ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਗਰਾਉਂ ਤੋਂ ਨਕੋਦਰ ਤੱਕ ਸਿੰਗਲ ਸੜਕ ਹੋਣ ਦੇ ਬਾਵਜੂਦ ਵੀ ਸਰਕਾਰ ਇਕ ਤਰ੍ਹਾਂ ਨਾਲ ਗੁੰਡਾ ਟੈਕਸ ਲਗਾ ਕੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟ ਰਹੀ ਹੈ | ਜਦਕਿ ਇਹ ਸੜਕ ਥਾਂ-ਥਾਂ ਤੋਂ ਬੁਰੀ ਤਰ੍ਹਾਂ ਟੁੱਟੀ ਪਈ ਹੈ | ਜਿਸ 'ਤੇ ਤੁਰੰਤ ਪ੍ਰੀਮਿਕਸ ਪਵਾਉਣ ਲਈ ਜਥੇਬੰਦੀ ਵਲੋਂ ਲਗਾਤਾਰ ਧਰਨਾ ਲਗਾ ਕੇ ਟੋਲ ਨੂੰ ਫਰੀ ਕੀਤਾ ਹੋਇਆ ਹੈ, ਪਰ ਅਜੇ ਤੱਕ ਹਾਕਮ ਧਿਰ ਦਾ ਕੋਈ ਵੀ ਲੀਡਰ ਇਸ ਜਗ੍ਹਾ 'ਤੇ ਨਹੀਂ ਪੁੱਜਾ | ਉਨ੍ਹਾਂ ਇਸ ਮਾਰਗ ਤੋਂ ਲੰਘਣ ਵਾਲੇ ਲੋਕਾਂ ਨੂੰ ਆਖਿਆ ਕਿ ਉਹ ਇਸ ਜਥੇਬੰਦੀ ਦੀ ਹਮਾਇਤ ਲਈ ਕੁਝ ਸਮਾਂ ਇੱਥੇ ਜੇਕਰ ਬੈਠ ਕੇ ਜਾਂਦੇ ਹਨ ਤਾਂ ਇਸ ਮੁਹਿੰਮ ਨੂੰ ਹੋਰ ਬਲ ਮਿਲੇਗਾ | ਉਨ੍ਹਾਂ 26 ਸਤੰਬਰ ਨੂੰ ਇਸ ਜਗ੍ਹਾ 'ਤੇ ਕਿਸਾਨ ਜਥੇਬੰਦੀ ਵਲੋਂ ਇਸ ਮਾਰਗ ਨੂੰ ਮੁਕੰਮਲ ਬੰਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਆਖਿਆ ਕਿ ਉਹ ਵੀ 26 ਸਤੰਬਰ ਨੂੰ ਆਪਣੇ ਸਾਥੀਆਂ ਸਮੇਤ ਇਸ ਧਰਨੇ ਵਿਚ ਪੁੱਜਣਗੇ | ਭਾਨੇ ਸਿੱਧੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਕਈ ਹੋਰ ਥਾਵਾਂ 'ਤੇ ਤਾਂ ਟੋਲ ਪਲਾਜ਼ਾ ਬੰਦ ਕਰਵਾ ਦੇਣ ਦੀਆਂ ਗੱਲਾਂ ਕਰਦੇ ਹਨ, ਪਰ ਕੀ ਉਨ੍ਹਾਂ ਨੂੰ ਇਹ ਟੋਲ ਨਹੀਂ ਦਿੱਸ ਰਿਹਾ ਜੋ ਇਕ ਸਿੰਗਲ ਸੜਕ 'ਤੇ ਲਗਾ ਕੇ ਲੋਕਾਂ ਨੂੰ ਦੋਹੇਂ ਹੱਥੀ ਲੁੱਟਿਆ ਜਾ ਰਿਹਾ ਹੈ | ਉਨ੍ਹਾਂ ਤੁਰੰਤ ਇਸ ਟੋਲ ਨੂੰ ਬੰਦ ਕਰਨ ਦੀ ਗੱਲ ਆਖੀ | ਇਸ ਮੌਕੇ ਕਿਸਾਨ ਆਗੂ ਤੇਜਿੰਦਰਪਾਲ ਸਿੰਘ ਸਿੱਧੂ ਨੇ ਆਖਿਆ ਕਿ 25 ਸਤੰਬਰ, ਦਿਨ ਵੀਰਵਾਰ ਨੂੰ ਧਰਨੇ ਵਿਚ ਸੂਬਾ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ 26 ਸਤੰਬਰ ਨੂੰ ਇਸ ਮਾਰਗ ਨੂੰ ਠੱਪ ਕਰ ਦਿੱਤਾ ਜਾਵੇਗਾ | ਇਸ ਮੌਕੇ ਨਰਿੰਦਰ ਸਿੰਘ ਬਾਜਵਾ, ਪ੍ਰਧਾਨ ਲਖਬੀਰ ਸਿੰਘ, ਤੇਜਿੰਦਰਪਾਲ ਸਿੰਘ ਸਿੱਧੂ, ਸੋਢੀ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਮਹਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਸੁਖਬੀਰ ਸਿੰਘ, ਸਤਬੀਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਬਲਵੰਤ ਸਿੰਘ, ਇਕਬਾਲ ਸਿੰਘ, ਲਾਡੀ ਲਹੌਰੀਆ, ਨਗਿੰਦਰ ਸਿੰਘ, ਗੁਰਮੁੱਖ ਸਿੰਘ, ਪਾਲ ਸਿੰਘ, ਜਗਮੋਹਣ ਸਿੰਘ, ਸਰਪੰਚ ਗੁਰਚਰਨ ਸਿੰਘ, ਸਾਬਾਕ ਸਰਪੰਚ ਸ਼ਿੰਗਾਰਾ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |