ਰਾਏਕੋਟ, 27 ਸਤੰਬਰ (ਸੁਸ਼ੀਲ)-ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਗਰੀਨ ਫੀਲਡ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਣ-ਮਿੱਥੇ ਸਮੇਂ ਲਈ ਰੋਸ ਧਰਨਾ ਦੇ ਰਹੇ ਇਕ ਕਿਸਾਨ ਦੀ ਬੀਤੀ ਰਾਤ ਆਪਣੇ ਪਿੰਡ ਬੋਪਾਰਾਏ ਖੁਰਦ ਨੂੰ ਵਾਪਸ ਜਾਂਦੇ ਸਮੇਂ ਰਸਤੇ 'ਚ ਮੌਤ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸ਼ਾਰ ਮਿ੍ਤਕ ਕਿਸਾਨ ਚਰਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬੋਪਾਰਾਏ ਖੁਰਦ ਜਦ ਬੀਤੀ ਰਾਤ ਪਿੰਡ ਰਾਮਗੜ੍ਹ ਸਿਵੀਆਂ ਤੋਂ ਰੋਸ ਧਰਨੇ ਵਿਚ ਸ਼ਾਮਿਲ ਹੋ ਕੇ ਆਪਣੇ ਪਿੰਡ ਬੋਪਾਰਾਏ ਖੁਰਦ ਵੱਲ ਨੂੰ ਪੈਦਲ ਵਾਪਸ ਜਾ ਰਿਹਾ ਸੀ ਤਾਂ ਸੜਕ ਕਿਨਾਰੇ ਬਣੇ ਇਕ ਟਿਊਬਵੈੱਲ ਦੀ ਪਾਣੀ ਵਾਲੀ ਖਾਲ 'ਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ | ਜਿਸ ਨੂੰ ਕਿ ਅੱਜ ਸਵੇਰੇ ਖੇਤ ਮਾਲਕ ਨੰਬਰਦਾਰ ਸੁਰਿੰਦਰਪਾਲ ਸਿੰਘ ਨੇ ਦੇਖਿਆ ਅਤੇ ਇਸ ਦੀ ਸੂਚਨਾਂ ਪਿੰਡ ਬੋਪਾਰਾਏ ਖੁਰਦ ਦੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਤੇ ਮਿ੍ਤਕ ਦੇ ਪੁੱਤਰ ਦਲਵੀਰ ਸਿੰਘ ਨੂੰ ਦਿੱਤੀ | ਘਟਨਾ ਦੀ ਸੂਚਨਾ ਮਿਲਣ 'ਤੇ ਐੱਸ.ਐੱਚ.ਓ ਥਾਣਾ ਸਦਰ ਰਾਏਕੋਟ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਘਟਨਾਂ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿਚ ਲਾਸ਼ ਦਾ ਪੋਸਟਮਾਰਟਮ ਨਾ ਕਰਵਾ ਕੇ ਇਸ ਸਬੰਧ 'ਚ ਕਿਸੇ ਕਿਸਮ ਦੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱੱਤਾ | ਮੌਕੇ 'ਤੇ ਪੁੱਜੇ ਬੀ.ਕੇ.ਯੂ. ਡਕੌਂਦਾ ਦੇ ਆਗੂ ਹਰਬਖਸ਼ੀਸ਼ ਸਿੰਘ ਚੱਕ ਭਾਈਕਾ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬੋਪਾਰਾਏ ਖੁਰਦ ਨੇ ਕਿਸਾਨਾਂ ਮਿ੍ਤਕ ਕਿਸਾਨ ਚਰਨ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਕਿਸਾਨਾਂ ਆਪਣੇ ਹੱਕ ਲੈਣ ਲਈ ਮੌਤ ਦੇ ਮੂੰਹ 'ਚ ਜਾ ਰਹੇ ਹਨ | ਉਨ੍ਹਾਂ ਸਰਕਾਰ ਕੋਲੋਂ ਮਿ੍ਤਕ ਕਿਸਾਨ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |