ਸਿੱਧਵਾਂ ਬੇਟ, 27 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਅਤੇ ਨਵੇਂ ਬਣੇ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਆਪਣੇ ਹਲਕੇ ਦੇ ਅਤੇ ਬਲਾਕ ਸਿੱਧਵਾਂ ਬੇਟ 'ਚ ਪੈਂਦੇ ਪਿੰਡ ਮੁਦਾਰਪੁਰਾ ਦੀ ਇਕ ਬੇਸਹਾਰਾ ਵਿਧਵਾ ਗੁਰਮੀਤ ਕੌਰ ਪਤਨੀ ਜੀਤ ਸਿੰਘ ਤੇ ਵਿਧਵਾ ਰਾਜਵੰਤ ਕੌਰ ਪਤਨੀ ਸਨਦੀਪ ਸਿੰਘ ਦੇ ਪਰਿਵਾਰ ਦੀ ਬਾਂਹ ਫੜ੍ਹੀ ਅਤੇ ਉਸ ਦਾ ਬਰਸਾਤਾਂ ਨਾਲ ਬਰਬਾਦ ਹੋਏ ਘਰ ਨੂੰ ਬਣਾਉਂਣ ਦਾ ਬੀੜਾ ਚੁੱਕਿਆ | ਉਨ੍ਹਾਂ ਇਸ ਮੌਕੇ ਪਰਿਵਾਰ ਨੂੰ ਨਕਦ ਸਹਾਇਤਾ ਰਾਸ਼ੀ ਦਿੰਦੇ ਹੋਏ ਆਖਿਆ ਕਿ 'ਮੇਰਾ ਹਲਕਾ, ਮੇਰਾ ਪਰਿਵਾਰ ਹੈ' ਅਤੇ ਇਨ੍ਹਾਂ ਦੀ ਗੱਲ ਸੁਣਨਾ ਮੇਰਾ ਇਖਲਾਕੀ ਫਰਜ਼ ਵੀ ਹੈ | ਉਨ੍ਹਾਂ ਆਖਿਆ ਕਿ ਭਾਵੇਂ ਸਾਡਾ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਸਤਲੁਜ, ਬਿਆਸ ਅਤੇ ਰਾਵੀ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਕਿਸਾਨਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਲਈ ਲਗਾਤਾਰ ਸਹਾਇਤਾ ਸਮੱਗਰੀ ਦੇ ਰਿਹਾ ਹੈ, ਪਰ ਮੈਂ ਆਪਣੇ ਹਲਕੇ ਦੇ ਉਨ੍ਹਾਂ ਪਰਿਵਾਰਾਂ ਦੀ ਵੀ ਬਾਂਹ ਫੜ੍ਹਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਪਰਿਵਾਰਾਂ ਵਿਚ ਕੋਈ ਵੀ ਰੋਜ਼ੀ-ਰੋਟੀ ਕਮਾਉਣ ਵਾਲਾ ਨਹੀਂ ਹੈ | ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਕਸ਼ਮੀਰ ਕੌਰ ਦੇ ਪਤੀ ਰਣਜੀਤ ਸਿੰਘ ਨੇ ਵੀ ਵਿਧਾਇਕ ਇਯਾਲੀ ਵਲੋਂ ਗਰੀਬ ਅਤੇ ਲੋੜਵੰਦ ਪਰਿਵਾਰ ਦੀ ਵਿਧਵਾ ਦਾ ਘਰ ਬਣਾਉਣ ਲਈ ਦਿੱਤੀ ਨਕਦ ਸਹਾਇਤਾ ਰਾਸ਼ੀ ਲਈ ਧੰਨਵਾਦ ਕਰਦਿਆਂ ਆਪਣਾ ਵੀ ਬਣਦਾ ਯੋਗਦਾਨ ਪਾਉਣ ਦੀ ਗੱਲ ਕਹੀ | ਇਸ ਮੌਕੇ ਸ਼ੇਰ ਸਿੰਘ, ਪੰਚ ਪਰਗਟ ਸਿੰਘ, ਪੰਚ ਸ਼ਮਸ਼ੇਰ ਸਿੰਘ, ਪੰਚ ਬਲਵਿੰਦਰ ਕੌਰ, ਅਮਰਜੀਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ, ਰਾਜਾ ਸਿੰਘ, ਵਜੀਰ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ, ਜਸਪ੍ਰੀਤ ਕੌਰ, ਸਤਨਾਮ ਸਿੰਘ, ਬਲਰਾਮ ਸਿੰਘ, ਜਸਵੀਰ ਕੌਰ, ਸੁਰਿੰਦਰ ਕੌਰ, ਹਰਪ੍ਰੀਤ ਕੌਰ, ਅਮਨਿੰਦਰ ਕੌਰ ਆਦਿ ਨੇ ਵੀ ਵਿਧਾਇਕ ਇਯਾਲੀ ਵਲੋਂ ਪਾਏ ਯੋਗਦਾਨ ਦੀ ਸਰਾਹਨਾ ਕੀਤੀ |