ਹਠੂਰ, 27 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਕਿਹਾ ਕਿ ਝੋਨਾ ਵੱਢਣ ਸਮੇਂ ਕੰਬਾਈਨ ਦੇ ਮਗਰ ਝੋਨੇ ਦਾ ਜੋ ਫੂਸ ਨਿਕਲਦਾ ਹੈ, ਉਹ ਤਿੰਨ-ਚਾਰ ਦਿਨਾਂ 'ਚ ਪੂਰਾ ਸੁੱਕ ਜਾਂਦਾ ਹੈ | ਕਣਕ ਦੀ ਬਿਜਾਈ ਕਰਨ ਵਾਲੇ ਸੰਦ ਰੋਟਾਵੇਟਰ ਜਾਂ ਸੁਪਰ ਸੀਡਰ ਉਸ ਫੂਸ ਨੂੰ ਕੱਟ ਨਹੀਂ ਪਾਉਂਦੇ | ਜਿਸ ਕਰਕੇ ਕਣਕ ਦੀ ਬਿਜਾਈ ਨਹੀਂ ਹੁੰਦੀ ਅਤੇ ਨਾ ਹੀ ਕਣਕ ਹਰੀ ਨਹੀਂ ਹੁੰਦੀ ਹੈ, ਜੇਕਰ ਹੋ ਵੀ ਜਾਂਦੀ ਹੈ ਤਾਂ ਸੁੰਡੀ ਪੈ ਜਾਂਦੀ ਹੈ | ਇਸ ਲਈ ਮਜ਼ਬੂਰਨ ਕਿਸਾਨਾਂ ਨੂੰ ਉਸਨੂੰ ਅੱਗ ਲਾਉਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਉਸ ਨੂੰ ਅੱਗ ਲਾਉਣ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ | ਸੁਪਰੀਮ ਦੇ ਜੱਜਾਂ ਦੇ ਫ਼ੈਸਲੇ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੇਲ੍ਹਾਂ 'ਚ ਸੁੱਟੋ ਦਾ ਜੋ ਹੁਕਮ ਸੁਣਾਇਆ ਹੈ, ਉਹ ਮੰਦਭਾਗਾ ਹੈ ਅਤੇ ਹਕੀਕਤ ਤੋਂ ਕੋਹਾਂ ਦੂਰ ਹੈ |