ਗੁਰੂਸਰ ਸੁਧਾਰ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਗੁਰਦੀਪ ਸਿੰਘ ਵਲੋਂ ਪਿੰਡ ਘੁਮਾਣ ਵਿਖੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਤੇ ਹੋਰਨਾਂ ਮੋਹਤਬਰ ਸੱਜਣਾਂ ਦੀ ਹਾਜ਼ਰੀ ਦੌਰਾਨ ਇਕ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਪੰਚਾਇਤ, ਪਤਵੰਤੇ ਸੱਜਣਾਂ ਤੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿਚ ਨਸ਼ਾ ਵੇਚਣ ਵਾਲੇ ਤੇ ਸਮਾਜ ਵਿਰੋਧੀ ਭੈੜੇ ਅਨਸਰਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਬਿਨਾਂ ਡਰ ਭੈਅ ਦੇ ਦੇਣ ਤਾਂ ਜੋ ਇਨ੍ਹਾਂ ਸਮਾਜਿਕ ਬੁਰਾਈਆਂ ਦਾ ਖ਼ਾਤਮਾ ਕੀਤਾ ਜਾ ਸਕੇ | ਥਾਣਾ ਮੁਖੀ ਨੇ ਕਿਹਾ ਕਿ ਭਾਵੇਂ ਪੁਲਿਸ ਇਲਾਕੇ ਵਿਚ ਅਮਨ ਸ਼ਾਂਤੀ ਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਪ੍ਰੰਤੂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਸਰਪੰਚ ਭੁਪਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਤੇ ਸਮੁੱਚੀ ਪੰਚਾਇਤ ਜਿਥੇ ਖ਼ੁਦ ਪਿੰਡ ਵਿਚ ਨਸ਼ਾ ਨਾ ਵਿਕਣ ਦੇਣ ਲਈ ਬਜ਼ਿੱਦ ਹਨ ਉੱਥੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਥਾਣਾ ਮੁਖੀ ਗੁਰਦੀਪ ਸਿੰਘ, ਸਰਪੰਚ ਭੁਪਿੰਦਰ ਸਿੰਘ ਭਿੰਦਾ ਘੁਮਾਣ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਘੁਮਾਣ, ਕੇਵਲ ਸਿੰਘ, ਰਵਿੰਦਰ ਸਿੰਘ, ਜਗਦੇਵ ਸਿੰਘ, ਗੁਰਮੁਖ ਸਿੰਘ (ਸਾਰੇ ਪੰਚ), ਪਰਮਵੀਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਕੌਰ, ਬਲਵੀਰ ਕੌਰ, ਨੰਬਰਦਾਰ ਜਸਵਿੰਦਰ ਜੱਸਾ, ਸਵਰਨ ਸਿੰਘ ਮੋਹਣਾ ਆਦਿ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |