ਜਗਰਾਉਂ, 24 ਨਵੰਬਰ (ਗੁਰਦੀਪ ਸਿੰਘ ਮਲਕ)-ਸਦਰ ਜਗਰਾਉਂ ਪੁਲਿਸ ਵਲੋਂ ਇਕ ਮਹਿਲਾ ਦੀ ਸ਼ਿਕਾਇਤ 'ਤੇ ਇਕ ਨੌਸਰਬਾਜ਼ ਲੜਕੀ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਸਿੱਧਵਾਂ ਕਲਾਂ ਦੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਲੜਕਾ ਜਸਵੀਰ ਸਿੰਘ ਪੁੱਤਰ ਦਲੀਪ ਸਿੰਘ ਜੋ ਕਿ ਬੀ.ਏ. ਪਾਸ ਹੈ, ਉਹ ਪਿੰਡ ਚੂਹੜਚੱਕ ਵਿਖੇ ਵਿਆਹਿਆ ਹੋਇਆ ਹੈ | ਜਿਸ ਦੇ ਸਹੁਰੇ ਘਰ ਸਿਮਰਨ ਨਾਮ ਦੀ ਲੜਕੀ ਦਾ ਕਾਫ਼ੀ ਆਉਣਾ ਜਾਣਾ ਸੀ, ਜੋ ਕਿ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀ | ਜਿਸ ਨੇ ਜਸਵੀਰ ਸਿੰਘ ਦੇ ਸਹੁਰੇ ਨੂੰ ਜਸਵੀਰ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਦੇ ਜਾਲ ਵਿਚ ਫਸਾ ਲਿਆ, ਜਿਸ ਨੇ ਲੜਕੇ ਨੂੰ ਭਰਤੀ ਕਰਵਾਉਣ ਲਈ ਆਪਣੇ ਵੱਡੇ ਅਫ਼ਸਰਾਂ ਨੂੰ ਰਿਸ਼ਵਤ ਦੇ ਰੂਪ ਵਿਚ ਪੈਸੇ ਦੇਣ ਦੇ ਨਾਂਅ 'ਤੇ ਸਾਡੇ ਤੋਂ 50 ਹਜ਼ਾਰ ਰੁਪਏ ਲੈ ਲਏ ਅਤੇ ਸਾਡੇ ਤੋਂ ਫਾਰਮ ਵਗੈਰਾ ਭਰਵਾ ਕੇ ਲਾਰੇ ਲਾਉਂਦੀ ਰਹੀ, ਪਰ ਨਾ ਪੁਲਿਸ ਵਿਚ ਭਰਤੀ ਕਰਵਾਇਆ, ਨਾ ਪੈਸੇ ਵਾਪਿਸ ਕੀਤੇ | ਇਸ ਤੋਂ ਉਪਰੰਤ ਸਾਨੂੰ ਪਤਾ ਲੱਗਾ ਕਿ ਸਿਮਰਨ ਤਾਂ ਪੁਲਿਸ ਵਿਚ ਮੁਲਾਜ਼ਮ ਹੀ ਨਹੀਂ ਹੈ ਅਤੇ ਸਾਡੇ ਨਾਲ ਉਹ ਠੱਗੀ ਮਾਰ ਗਈ | ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕਰਕੇ ਕਥਿਤ ਦੋਸ਼ੀ ਸਿਮਰਨ ਕੌਰ ਪਤਨੀ ਜਗਦੀਪ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਜਗਰਾਉਂ ਖਿਲਾਫ਼ ਥਾਣਾ ਸਦਰ ਜਗਰਾਉਂ 'ਚ ਮਾਮਲਾ ਦਰਜ ਕੀਤਾ ਗਿਆ ਹੈ |