ਨਵਾਂਸ਼ਹਿਰ, 31 ਮਈ (ਦੀਦਾਰ ਸਿੰਘ ਸ਼ੇਤਰਾ)-ਬੀਤੀ ਰਾਤ ਚੋਰਾਂ ਵਲੋਂ ਨਵਾਂਸ਼ਹਿਰ ਦੇ ਕੋਠੀ ਰੋਡ ਵਿਖੇ ਤਿੰਨ ਅਤੇ ਸਲੋਹ ਰੋਡ 'ਤੇ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ | ਕੋਠੀ ਰੋਡ 'ਤੇ ਪਿ੍ੰਸ ਬੁੱਕ ਡੀਪੂ ਅਤੇ ਉਸ ਦੇ ਨਾਲ ਦੀਆਂ ਤਿੰਨ ਦੁਕਾਨਾਂ ਦੇ ਸ਼ਟਰ ਬਿਨਾ ਆਸੇ ਪਾਸੇ ਦੇ ਤਾਲੇ ਤੋੜਿਆਂ ਵਿਚਕਾਰੋਂ ਸ਼ਰਟ ਉਤਾਂਹ ਨੂੰ ਚੁੱਕ ਕੇ ਅੰਦਰ ਵੜ ਕੇ ਨਕਦ ਨਾਮਾ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਲੱਗੇ ਹੋਏ ਕੈਮਰਿਆਂ ਅਨੁਸਾਰ ਦੋ ਨੌਜਵਾਨ ਦੁਕਾਨ ਅੱਗੇ ਆ ਕੇ ਰੁਕਦੇ ਹਨ | ਕਿਸੇ ਵਸਤੂ ਨਾਲ ਵਿਚਕਾਰ ਤੋਂ ਸ਼ਟਰ ਏਨਾ ਕੁ ਉਤਾਂਹ ਨੂੰ ਚੁੱਕ ਲੈਂਦੇ ਹਨ ਜਿਸ ਨਾਲ਼ ਇਕ ਕਮਜ਼ੋਰ ਜਿਹਾ ਪਤਲਾ ਜਿਹਾ ਵਿਅਕਤੀ ਘਿਸਰ ਕੇ ਅੰਦਰ ਲੰਘ ਜਾਂਦਾ ਹੈ ਅਤੇ ਦੁਕਾਨਦਾਰਾਂ ਦੇ ਗੱਲੇ ਵਿਚੋਂ ਨਕਦੀ ਕੱਢ ਕੇ ਬਾਹਰ ਆ ਜਾਂਦਾ ਹੈ | ਕੋਠੀ ਰੋਡ ਉਪਰੰਤ ਚੋਰਾਂ ਦੀ ਇਹ ਜੋੜੀ ਸਲੋਹ ਰੋਡ ਜਾਂਦੀ ਹੈ ਅਤੇ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ | ਦੁਕਾਨਦਾਰਾਂ ਅਨੁਸਾਰ ਚੋਰਾਂ ਨੇ ਨਕਦੀ ਤੋਂ ਬਿਨਾ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਨੁਕਸਾਨ ਨਹੀਂ ਕੀਤਾ | ਦੁਕਾਨਦਾਰਾਂ ਅਨੁਸਾਰ ਚੋਰ ਉਹਨਾਂ ਦੀ ਲਗਪਗ ਇੱਕ ਲੱਖ ਰੁਪਏ ਦੀ ਨਕਦੀ ਲੈ ਗਏ ਹਨ | ਪੁਲਿਸ ਨੇ ਮੌਕਾ ਦੇਖਣ ਉਪਰੰਤ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ |