ਪੋਜੇਵਾਲ ਸਰਾਂ, 31 ਮਈ (ਬੂਥਗੜ੍ਹੀਆ)-ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਰੋੜ ਦੀ ਮੁਰੰਮਤ ਨੂੰ ਲੈ ਕੇ ਕਿਲ੍ਹਾ ਸ਼੍ਰੀ ਅਨੰਦਗੜ੍ਹ ਸਾਹਿਬ ਵਾਲਿਆਂ ਬਾਬਿਆਂ ਦੇ ਵੱਲੋਂ ਪਿਛਲੇ ਲਗਭਗ ਦੋ ਸਾਲਾਂ ਤੋਂ ਸ਼ੁਰੂ ਕੀਤੇ ਮਾਰਗ ਦੀ ਸੇਵਾ ਦੇ ਲਈ ਗੁਰੂ ਗੰਗ ਜੀ ਦਾਸ ਘਾਗੋ ਦੀਆਂ ਸਮੂਹ ਸੰਗਤਾਂ ਦੇ ਵੱਲੋਂ ਸੇਵਾ ਕਾਰਜਾਂ ਦੇ ਲਈ 3 ਲੱਖ 72 ਹਜ਼ਾਰ 700 ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਮੁੱਖ ਪ੍ਰਬੰਧਕ ਘਾਗੋ ਗੁਰੂ ਕੀ ਭਾਈ ਗੁਰਬਖ਼ਸ਼ ਸਿੰਘ ਬਗਵਾਂਈ ਨੇ ਕਿਹਾ ਕਿ ਸੰਗਤਾਂ ਦੇ ਵੱਲੋਂ ਸੰਤ ਮਹਾਂਪੁਰਸ਼ਾਂ ਦੇ ਦੁਆਰਾ ਸ਼ੁਰੂ ਕੀਤੇ ਕਾਰਜਾਂ ਦੇ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਦੇ ਨਾਲ ਸਿੱਖ ਸੰਗਤਾਂ ਦੇ ਇਤਿਹਾਸਕ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਵੱਖ-ਵੱਖ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀਆਂ ਸੰਗਤਾਂ ਦੇ ਲਈ ਕਰੋੜਾਂ ਰੁਪਏ ਖ਼ਰਚ ਕਰਕੇ ਲੋਕ ਸੇਵਾ ਦੇ ਨਾਲ ਹੋਲੇ-ਮੁਹੱਲੇ ਤੇ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਇਸ ਮਾਰਗ ਨੂੰ ਆਉਣ ਵਾਲੀਆਂ ਸੰਗਤਾਂ ਦੇ ਲਈ ਸਮਰਪਿਤ ਕੀਤਾ ਜਾਵੇਗਾ | ਉਹਨਾਂ ਨੇ ਹਲਕੇ ਦੇ ਸਮੂਹ ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ ਤੇ ਐਨ.ਆਰ.ਆਈ ਵੀਰਾਂ ਤੇ ਸਮੂਹ ਲੋਕਾਂ ਨੂੰ ਸੰਤ ਮਹਾਂਪੁਰਸ਼ਾਂ ਦੇ ਦੁਆਰਾ ਸ਼ੁਰੂ ਕੀਤੇ ਕਾਰਜਾਂ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਸੰਤ ਬਾਬਾ ਸੁੱਚਾ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਵਾਲਿਆਂ ਦੇ ਵੱਲੋਂ ਉਨ੍ਹਾਂ ਦੇ ਸਮਾਜ ਸੇਵਾ ਲਈ ਸ਼ੁਰੂ ਕੀਤੇ ਗਏ ਕਾਰਜਾਂ ਵਿੱਚ ਦਾਨ ਸੇਵਾ ਪਾਉਣ ਵਾਲੀਆ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਹਵੇਲੀ ਦੇ ਸਰਪ੍ਰਸਤ ਜੋਗਾ ਸਿੰਘ ਬਗਵਾਂਈ, ਮਾਸਟਰ ਸੰਤੋਖ ਸਿੰਘ, ਗੁਰਪਾਲ ਸਿੰਘ ਰੋੜ੍ਹਮਜਾਰਾ, ਜੇ.ਈ ਦਿਲਜੀਤ ਸਿੰਘ, ਨੰਬਰਦਾਰ ਜੋਗਾ ਸਿੰਘ, ਬਾਬਾ ਸਤਨਾਮ ਸਿੰਘ ਆਦਿ ਸਮੂਹ ਸੰਗਤਾਂ ਮੌਕੇ 'ਤੇ ਹਾਜ਼ਰ ਸਨ |