ਔੜ/ਸਾਹਲੋਂ, 31 ਮਈ (ਗੁਰਨਾਮ ਸਿੰਘ ਸੈਣੀ, ਜਰਨੈਲ ਸਿੰਘ ਨਿੱਘਾ)-ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ 'ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ' ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਔੜ ਅੰਦਰ ਪੈਂਦੇ ਪਿੰਡ ਕਮਾਮ ਵਿਖੇ ਪੀ.ਏ.ਯੂ ਲੁਧਿਆਣਾ ਦੀ ਟੀਮ ਵਲੋਂ ਬਲਾਕ ਖੇਤੀਬਾੜੀ ਦਫ਼ਤਰ ਔੜ ਦੇ ਬਲਾਕ ਨੋਡਲ ਅਤੇ ਖੇਤੀਬਾੜੀ ਅਫ਼ਸਰ ਡਾ. ਲੇਖ ਰਾਜ ਬੇਗੋਵਾਲ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਟੀਮ ਦੀ ਅਗਵਾਈ ਡਾ. ਧਰਿੱਤੀਮਨ ਸਾਹਾ ਨੇ ਕੀਤੀ | ਉਨ੍ਹਾਂ ਦੇ ਨਾਲ ਡਾ. ਆਲਾ ਸਿੰਘ, ਡਾ. ਸੋਮਿਆ ਮੋਹਾ ਪਾਤਰਾ ਅਤੇ ਸਤਵਿੰਦਰ ਸਿੰਘ ਟੀਮ ਮੈਂਬਰਾਂ ਦੇ ਤੌਰ 'ਤੇ ਹਾਜ਼ਰ ਹੋਏ | ਇਹ ਅਭਿਆਨ ਸਾਉਣੀ ਦੀਆਂ ਫ਼ਸਲਾਂ ਲਈ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰਿਤ ਕੀਤਾ ਗਿਆ | ਇਸ ਪ੍ਰੋਗਰਾਮ 'ਚ ਮੈਡਮ ਮੋਨਿਕਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਖੇਤੀਬਾੜੀ ਵਿਸਥਾਰ ਅਫ਼ਸਰ ਦੀਪਕ ਕੁਮਾਰ ਨੇ ਕੈਂਪ ਵਿੱਚ ਆਏ ਹੋਏ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਤੇ ਸੈਕਟਰੀ ਸ਼ਿਵ ਕੁਮਾਰ ਨੇ ਵੀ ਆਪਣੀ ਬਣਦੀ ਭੂਮਿਕਾ ਨਿਭਾਈ | ਇਸ ਤੋਂ ਇਲਾਵਾ ਪਿੰਡ ਕਮਾਮ, ਚਾਹਲ ਖੁਰਦ ਅਤੇ ਸੋਢੀਆਂ ਦੇ ਅਗਾਹ ਵਧੂ ਕਿਸਾਨ ਹਾਜ਼ਰ ਸਨ |